ਵਾਤਾਵਰਨ ਜਾਗਰੂਕਤਾ ਤੇ ਸੰਤੁਲਿਤ ਵਿਕਾਸ ’ਤੇ ਵਰਕਸ਼ਾਪ ਕਰਵਾਈ
ਵਾਤਾਵਰਨ ਜਾਗਰੂਕਤਾ ਅਤੇ ਸੰਤੁਲਿਤ ਵਿਕਾਸ ਸੰਬੰਧੀ ਇੱਕ ਵਿਸਤ੍ਰਿਤ ਵਰਕਸ਼ਾਪ ਦਾ ਆਯੋਜਨ
Publish Date: Fri, 13 Feb 2026 07:36 PM (IST)
Updated Date: Fri, 13 Feb 2026 07:39 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ,ਫਾਜ਼ਿਲਕਾ:ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈ ਖੇੜਾ ਦੇ ਈਕੋ ਕਲਬ ਵੱਲੋਂ ਵਾਤਾਵਰਨ ਜਾਗਰੂਕਤਾ ਅਤੇ ਸੰਤੁਲਿਤ ਵਿਕਾਸ ਸੰਬੰਧੀ ਇੱਕ ਵਿਸਤ੍ਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪ੍ਰੀਤ ਪਾਲ ਕੌਰ ਹਾਜ਼ਰ ਹੋਏ। ਵਰਕਸ਼ਾਪ ਸਕੂਲ ਇੰਚਾਰਜ ਰਾਧਿਕਾ ਵਾਟਸ ਦੀ ਹਾਜ਼ਰੀ ਹੇਠ ਸੁਚੱਜੇ ਢੰਗ ਨਾਲ ਪੂਰਨ ਹੋਈ।ਡਾ. ਹਰਪ੍ਰੀਤ ਪਾਲ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੱਧਦਾ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਕੁਦਰਤੀ ਸਰੋਤਾਂ ਦੀ ਘਟ ਰਹੀ ਉਪਲਬਧਤਾ ਮਨੁੱਖਤਾ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸੰਤੁਲਿਤ ਵਿਕਾਸ ਦਾ ਅਰਥ ਸਿਰਫ਼ ਅੱਜ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੀ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਲਈ ਸਰੋਤਾਂ ਨੂੰ ਬਚਾ ਕੇ ਰੱਖਣਾ ਵੀ ਹੈ। ਉਨ੍ਹਾਂ ਨੇ ਪਾਣੀ ਦੀ ਬੱਚਤ, ਵਰਖਾ ਜਲ ਸੰਭਾਲ, ਰੁੱਖ ਲਗਾਉਣ ਅਤੇ ਇਕੱਲੀ ਵਰਤੋਂ ਵਾਲੇ ਪਲਾਸਟਿਕ ਤੋਂ ਪਰਹੇਜ਼ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੇਤੀਬਾੜੀ ਅਤੇ ਵਾਤਵਰਨ ਆਪਸ ਵਿੱਚ ਗਹਿਰੇ ਤੌਰ ’ਤੇ ਜੁੜੇ ਹੋਏ ਹਨ ਅਤੇ ਮਿੱਟੀ ਦੀ ਸਿਹਤ, ਜੈਵਿਕ ਖੇਤੀ ਅਤੇ ਕੁਦਰਤੀ ਖਾਦਾਂ ਦੀ ਵਰਤੋਂ ਨਾਲ ਹੀ ਸਾਫ਼ ਤੇ ਸਿਹਤਮੰਦ ਵਾਤਵਰਨ ਬਣਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਘਰੇਲੂ ਪੱਧਰ ’ਤੇ ਕੂੜੇ ਦੀ ਛਾਂਟ, ਕੰਪੋਸਟ ਬਣਾਉਣ ਅਤੇ ਵਾਤਵਰਨ-ਮਿੱਤਰ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਵਿਗਿਆਨ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਗਿਆਨ ਅਤੇ ਨਵੀਨਤਾ ਹੀ ਟਿਕਾਊ ਵਿਕਾਸ ਦੀ ਮਜ਼ਬੂਤ ਨੀਂਹ ਹਨ ਅਤੇ ਇਸ ਤਰ੍ਹਾਂ ਦੇ ਮੇਲੇ ਬੱਚਿਆਂ ਦੀ ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ।ਸਕੂਲ ਇੰਚਾਰਜ ਰਾਧਿਕਾ ਵਾਟਸ ਸੇਤੀਆ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਈਕੋ ਕਲਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਾਤਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਵੱਲੋਂ ਵਾਤਾਵਰਨ ਸੰਭਾਲ ਨਾਲ ਸੰਬੰਧਿਤ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉੱਤਰ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਬਹੁਤ ਹੀ ਸਾਦੀ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਦਿੱਤੇ ਗਏ। ਅੰਤ ਵਿੱਚ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵਾਤਵਰਨ ਦੀ ਰੱਖਿਆ ਕਰਨ, ਵਿਗਿਆਨਕ ਸੋਚ ਨੂੰ ਅਪਣਾਉਣ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ ਗਿਆ।