- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਸਬਜ਼ੀ-ਫ਼ਲ ਮਾਰਕੀਟ ਵਿੱਚ ਸ਼ਿਫਟਿੰਗ ਨੂੰ ਲੈ ਕੇ ਵੀਰੋਧ

ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਮਾਰਕੀਟ ਕਮੇਟੀ ਵੱਲੋਂ ਆਪਣੇ ਦਫ਼ਤਰ ਦੇ ਪਿੱਛੇ ਨਵ-ਨਿਰਮਿਤ ਡਾ. ਅੰਬੇਡਕਰ ਸਬਜ਼ੀ ਅਤੇ ਫ਼ਲ ਮਾਰਕੀਟ ਵਿੱਚ ਰੇਹੜੀ ਚਾਲਕਾਂ ਨੂੰ ਸ਼ਿਫਟ ਕਰਨ ਦੀ ਪ੍ਰਕਿਰਿਆ ਅੱਜ ਅਧਿਕਾਰੀਆਂ ਵੱਲੋਂ ਰਸਮੀ ਤੌਰ ’ਤੇ ਸ਼ੁਰੂ ਕੀਤੀ ਗਈ। ਇਸ ਦੌਰਾਨ ਮਾਰਕੀਟ ਕਮੇਟੀ ਨੇ ਸਬਜ਼ੀ ਮੰਡੀ ਕੰਪਲੈਕਸ ਦੇ ਦੋਵੇਂ ਮੁੱਖ ਗੇਟਾਂ ਨੂੰ ਤਾਲਾ ਲਗਾ ਦਿੱਤਾ, ਜਿਸ ਕਾਰਨ ਖ਼ਰੀਦਦਾਰੀ ਕਰਨ ਪਹੁੰਚੇ ਆਮ ਨਾਗਰਿਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਮੰਡੀ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ।
ਸ਼ਿਫਟਿੰਗ ਨੂੰ ਲੈ ਕੇ ਰੇਹੜੀ ਚਾਲਕਾਂ ਨੇ ਫੈਸਲੇ ਪ੍ਰਤੀ ਅਸਹਿਮਤੀ ਅਤੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਮਾਰਕੀਟ ਵਿੱਚ ਜਗ੍ਹਾ ਦੀ ਵੰਡ ਦੀ ਵਿਵਸਥਾ ਪਹਿਲਾਂ ਸਪੱਸ਼ਟ ਨਹੀਂ ਕੀਤੀ ਗਈ, ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਸਕਦਾ ਹੈ। ਦੂਜੇ ਪਾਸੇ ਮੰਡੀ ਦੇ ਮੁੱਖ ਗੇਟ 'ਤੇ ਤਾਲਾ ਲੱਗਣ ਕਾਰਨ ਮੰਡੀ ਵਿੱਚ ਦਾਖਲਾ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਨਾਲ ਫ਼ਲ-ਸਬਜ਼ੀ ਦੀ ਥੋਕ ਅਤੇ ਪ੍ਰਚੂਨ ਖ਼ਰੀਦ ਰੁਕ ਗਈ ਅਤੇ ਗਾਹਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ, ਜਦਕਿ ਕਈ ਲੋਕ ਬਿਨਾਂ ਖ਼ਰੀਦਦਾਰੀ ਕੀਤੇ ਹੀ ਵਾਪਸ ਮੁੜ ਗਏ।
ਸਥਾਨਕ ਲੋਕਾਂ ਨੇ ਕਿਹਾ ਕਿ ਸਵੇਰ ਦੇ ਰੁਝੇਵੇਂ ਵਾਲੇ ਸਮੇਂ ਗੇਟ ਬੰਦ ਕਰਨਾ ਉਚਿਤ ਨਹੀਂ ਸੀ, ਕਿਉਂਕਿ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਸਭ ਤੋਂ ਵੱਧ ਖ਼ਰੀਦਦਾਰ ਮੰਡੀ ਆਉਂਦੇ ਹਨ। ਦੂਜੇ ਪਾਸੇ ਇਸ ਮਾਮਲੇ ’ਤੇ ਸਥਿਤੀ ਸਪੱਸ਼ਟ ਕਰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਸੌਰਭ ਝੋਰੜ ਨੇ ਕਿਹਾ ਕਿ ਫ਼ਲ ਵਿਕਰੇਤਾ ਰੇਹੜੀ ਚਾਲਕਾਂ ਨੂੰ ਨਵੇਂ ਸ਼ੈੱਡ ਹੇਠਾਂ ਤਬਦੀਲ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦਾ ਵਪਾਰ ਸੁਚਾਰੂ ਢੰਗ ਨਾਲ ਚੱਲ ਸਕੇ। ਜਦਕਿ ਆਲੂ-ਪਿਆਜ਼ ਵੇਚਣ ਵਾਲੇ ਰੇਹੜੀ ਚਾਲਕਾਂ ਨੂੰ ਸ਼ੈੱਡ ਦੇ ਬਾਹਰ ਜਗ੍ਹਾ ਦਿੱਤੀ ਜਾਵੇਗੀ, ਕਿਉਂਕਿ ਇਹ ਵੱਖਰੀ ਵਪਾਰਕ ਸ਼੍ਰੇਣੀ ਵਿੱਚ ਆਉਂਦਾ ਹੈ। ਜਗ੍ਹਾ ਦੀ ਵੰਡ ਪੂਰੀ ਤਰ੍ਹਾਂ ਵਿਕਰੀ ਦੀ ਪ੍ਰਕਿਰਤੀ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਮਾਰਕੀਟ ਦੀ ਉਸਾਰੀ ਵਪਾਰੀਆਂ ਅਤੇ ਗਾਹਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ, ਅਤੇ ਸ਼ਿਫਟਿੰਗ ਪ੍ਰਕਿਰਿਆ ਨੂੰ ਆਪਸੀ ਗੱਲਬਾਤ ਅਤੇ ਪਾਰਦਰਸ਼ੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਸਕੱਤਰ ਨੇ ਦੱਸਿਆ ਕਿ ਰੇਹੜੀ ਚਾਲਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਰੇਹੜੀ ਵੰਡ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਮੰਡੀ ਚੱਲਣ ਦੇ ਸਮੇਂ ਦੁਬਾਰਾ ਕਦੇ ਗੇਟ ਬੰਦ ਨਹੀਂ ਕੀਤੇ ਜਾਣਗੇ। ਉਧਰ ਖ਼ਰੀਦਦਾਰੀ ਕਰਨ ਆਏ ਲੋਕਾਂ ਦਾ ਕਹਿਣਾ ਹੈ ਕਿ ਸ਼ਿਫਟਿੰਗ ਤੋਂ ਪਹਿਲਾਂ ਰੇਹੜੀ ਚਾਲਕਾਂ ਨਾਲ ਸਲਾਹ-ਮਸ਼ਵਰਾ ਅਤੇ ਸਹਿਮਤੀ ਲਾਜ਼ਮੀ ਹੈ, ਤਾਂ ਜੋ ਨਵੀਂ ਮਾਰਕੀਟ ਯੋਜਨਾ ਸਹੀ ਤਰੀਕੇ ਨਾਲ ਲਾਗੂ ਹੋ ਸਕੇ।