ਨਰਸਿੰਗ ਦੇ ਵਿਦਿਆਰਥੀਆਂ ਨੂੰ ਆਭਾ ਆਈਡੀ ਬਣਾਉਣ ਦੀ ਦਿੱਤੀ ਟ੍ਰੇਨਿੰਗ
ਨਰਸਿੰਗ ਸਟੂਡੇਂਟਸ ਨੂੰ ਆਭਾ ਆਈਡੀ ਬਣਾਉਣ ਸਬੰਧੀ ਦਿੱਤੀ ਟ੍ਰੇਨਿੰਗ
Publish Date: Wed, 25 Feb 2026 04:23 PM (IST)
Updated Date: Wed, 25 Feb 2026 04:25 PM (IST)

ਪੁੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜਿਲਕਾ ਦੀ ਉਚੇਚੀ ਨਿਗਰਾਨੀ ਵਿੱਚ, ਕਾਰਜਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਿੰਕੂ ਚਾਵਲਾ ਦੀ ਦੇਖਰੇਖ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਨਮਾਨ ਮਾਜੀ ਦੀ ਅਗਵਾਈ ਵਿੱਚ ਸੱਚਖੰਡ ਨਰਸਿੰਗ ਕਾਲਜ ਅਬੋਹਰ ਵਿਖੇ ਆਭਾ ਆਈਡੀ ਬਣਾਉਣ ਸਬੰਧੀ ਵਿਦਿਆਰਥੀਆਂ ਦੀ ਟ੍ਰੇਨਿੰਗ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਲਾਜ ਸਬੰਧੀ ਰਿਕਾਰਡ ਨੂੰ ਆਯੂਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ। ਜਿਸ ਲਈ ਇੱਕ ਯੂਨੀਕ ਆਭਾ ਆਈ.ਡੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਓਪੀਡੀ ਦੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਲੋਕਾਂ ਨੂੰ ਤੁਰੰਤ ਆਭਾ ਆਈਡੀ ਬਨਾਉਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਆਪਣੀ ਆਭਾ ਆਈ.ਡੀ ਬਨਾਉਣ ਨਾਲ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ ਨਾਲ ਚੁੱਕਣ ਦੀ ਜਰੂਰਤ ਨਹੀਂ ਰਹੇਗੀ, ਕਿਉਂਕਿ ਸਬੰਧਿਤ ਡਾਕਟਰ ਇਹ ਸਾਰਾ ਡਾਟਾ ਆਭਾ ਆਈ.ਡੀ ਤੋਂ ਆਨਲਾਈਨ ਹੀ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ਼ ਨੂੰ ਇੱਕ ਤੋਂ ਦੂਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਪਹਿਲਾਂ ਹੋਏ ਇਲਾਜ ਸਬੰਧੀ ਕਾਗ਼ਜ਼ਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ। ਕਈ ਵਾਰ ਅਜਿਹੀਆਂ ਰਿਪੋਰਟਾਂ ਉਪਲੱਭਧ ਨਾ ਹੋਣ ਕਾਰਨ ਮਰੀਜ਼ ਦੇ ਇਲਾਜ ਵਿਚ ਦੇਰੀ ਹੁੰਦੀ ਸੀ। ਇਸ ਦੇਰੀ ਨੂੰ ਖਤਮ ਕਰਨ ਅਤੇ ਰਿਪੋਰਟਾਂ ਆਦਿ ਦੀ ਅੜਚਣ ਨੂੰ ਖਤਮ ਕਰਨ ਦੇ ਮਨੋਰਥ ਨਾਲ ਆਭਾ ਆਈ.ਡੀ ਬਣਾਈ ਜਾ ਰਹੀ ਹੈ। ਇਸ ਦੇ ਲਈ ਸਰਕਾਰੀ ਹਸਪਤਾਲਾਂ ਵਿਖੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ।