ਜੀਵਨ ਪ੍ਰਭੂ ਭਗਤੀ ਲਈ ਮਿਲਿਆ ਅਨਮੋਲ ਮੌਕਾ ਹੈ : ਗੁਰੂ ਬਾਬਾ ਬ੍ਰਹਮ ਦਾਸ
ਸਤਸੰਗ ਵਿੱਚ ਗੂੰਜਿਆ ਨਾਮ ਸਿਮਰਨ, ਗੁਰੂ ਬਾਬਾ ਬ੍ਰਹਮ ਦਾਸ ਜੀ ਦੇ ਦਰਸ਼ਨਾਂ ਲਈ ਉਮੜੀ ਸੰਗਤ
Publish Date: Sun, 29 Mar 2026 04:43 PM (IST)
Updated Date: Sun, 29 Mar 2026 04:45 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਸਥਾਨਕ ਅਨਾਜ ਮੰਡੀ ਅੱਜ ਪੂਰੀ ਤਰ੍ਹਾਂ ਆਧਿਆਤਮਿਕ ਰੰਗ ਵਿੱਚ ਰੰਗੀ ਹੋਈ ਨਜ਼ਰ ਆਈ, ਜਦੋਂ ਇੱਥੇ ਪਰਮ ਪੂਜਨੀਕ ਗੁਰੂ ਬਾਬਾ ਬ੍ਰਹਮ ਦਾਸ ਦੀ ਅਗਵਾਈ ਹੇਠ ਵਿਸ਼ਾਲ ਸਤਸੰਗ ਕਰਵਾਇਆ ਗਿਆ। ਜਿਵੇਂ ਹੀ ਗੁਰੂ ਬਾਬਾ ਬ੍ਰਹਮ ਦਾਸ ਮੰਚ ’ਤੇ ਪਹੁੰਚੇ, ਸੰਗਤ ਨੇ ਜੈਕਾਰੇ ਲਗਾ ਕੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਜੀਵਨ ਪ੍ਰਭੂ ਭਗਤੀ, ਨਾਮ ਸਿਮਰਨ ਅਤੇ ਸੇਵਾ ਲਈ ਮਿਲਿਆ ਇਕ ਅਨਮੋਲ ਮੌਕਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌੜ-ਭੱਜ ਭਰੇ ਜੀਵਨ ਵਿੱਚ ਮਨੁੱਖ ਤਣਾਅ ਅਤੇ ਭਟਕਾਅ ਦਾ ਸ਼ਿਕਾਰ ਹੋ ਰਿਹਾ ਹੈ, ਅਜੇਹੇ ਵਿੱਚ ਸਤਸੰਗ ਹੀ ਉਹ ਰਾਹ ਹੈ ਜੋ ਮਨੁੱਖ ਨੂੰ ਸੱਚੇ ਮਾਰਗ ’ਤੇ ਲਿਆ ਕੇ ਅੰਦਰੂਨੀ ਸ਼ਾਂਤੀ ਅਤੇ ਆਤਮਿਕ ਸੰਤੁਲਨ ਪ੍ਰਦਾਨ ਕਰਦਾ ਹੈ। ਗੁਰੂ ਜੀ ਨੇ ਅੱਗੇ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਅਹੰਕਾਰ, ਲੋਭ ਅਤੇ ਕ੍ਰੋਧ ਵਰਗੀਆਂ ਬੁਰਾਈਆਂ ਨੂੰ ਛੱਡ ਕੇ ਪ੍ਰੇਮ, ਦਇਆ ਅਤੇ ਨਿਮਰਤਾ ਵਰਗੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਆਪਸੀ ਭਾਈਚਾਰੇ, ਇਕਤਾ ਅਤੇ ਮਨੁੱਖਤਾ ਦੀ ਸੇਵਾ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਵਿਧਾਇਕ ਨੇ ਕਿਹਾ ਕਿ ਅਜੇਹੇ ਆਧਿਆਤਮਿਕ ਸਮਾਗਮ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਹਨ ਅਤੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਸੋਚ ਪੈਦਾ ਕਰਦੇ ਹਨ। ਉਨ੍ਹਾਂ ਆਯੋਜਕਾਂ ਨੂੰ ਇਸ ਭਵਿਆ ਸਤਸੰਗ ਲਈ ਵਧਾਈ ਦਿੱਤੀ ਅਤੇ ਅਜੇਹੇ ਸਮਾਗਮ ਲਗਾਤਾਰ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਅਨੁਸ਼ਾਸਨ ਅਤੇ ਪ੍ਰਬੰਧ ਕਾਬਿਲ-ਏ-ਤਾਰੀਫ਼ ਰਹੇ। ਸੇਵਾਦਾਰਾਂ ਨੇ ਪੂਰੀ ਨਿਭਾਅ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਈਆਂ, ਜਿਸ ਨਾਲ ਹਰ ਇੱਕ ਸ਼ਰਧਾਲੂ ਨੂੰ ਸੁਵਿਧਾਜਨਕ ਤਰੀਕੇ ਨਾਲ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਤਸੰਗ ਦੇ ਸਮਾਪਨ ਉਪਰੰਤ ਗੁਰੂ ਘਰ ਦਾ ਅਟੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਕਤਾਰਾਂ ਵਿੱਚ ਬੈਠ ਕੇ ਲੰਗਰ ਪ੍ਰਸਾਦ ਪ੍ਰਾਪਤ ਕੀਤਾ। ਲੰਗਰ ਸੇਵਾ ਵਿੱਚ ਸਫਾਈ, ਸੁਚੱਜਾ ਪ੍ਰਬੰਧ ਅਤੇ ਸੇਵਾ ਭਾਵ ਦਾ ਸੁੰਦਰ ਦਰਸ਼ਨ ਹੋਇਆ।ਇਸ ਭਵਿਆ ਧਾਰਮਿਕ ਸਮਾਗਮ ਨੇ ਜਿੱਥੇ ਲੋਕਾਂ ਨੂੰ ਆਧਿਆਤਮਿਕ ਤੌਰ ’ਤੇ ਜੋੜਿਆ, ਉੱਥੇ ਹੀ ਸਮਾਜ ਵਿੱਚ ਪ੍ਰੇਮ, ਸਾਂਝ ਅਤੇ ਇਕਤਾ ਦਾ ਸੁਨੇਹਾ ਵੀ ਦਿੱਤਾ।