ਨਾਜਾਇਜ਼ ਕਬਜ਼ਿਆਂ ਅਤੇ ਪੌਲੀਥੀਨ ਖਿਲਾਫ ਨਗਰ ਕੌਂਸਲ ਵੱਲੋ ਮੁਹਿੰਮ ਚਲਾਈ ਗਈ
ਨਾਜਾਇਜ਼ ਕਬਜ਼ਿਆਂ ਅਤੇ ਪੌਲੀਥੀਨ ਖਿਲਾਫ ਨਗਰ ਕੌਂਸਲ ਵੱਲੋ ਮੁਹਿੰਮ ਚਲਾਈ ਗਈ
Publish Date: Mon, 05 Jan 2026 07:14 PM (IST)
Updated Date: Mon, 05 Jan 2026 07:17 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਨਗਰ ਕੌਂਸਲ ਦੀ ਟੀਮ ਨੇ ਸ਼ਹਿਰ ਨੂੰ ਕਬਜ਼ਾ-ਮੁਕਤ ਅਤੇ ਸਵੱਛ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ। ਇੰਸਪੈਕਟਰ ਸੰਦੀਪ ਚੌਧਰੀ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਟੀਮ ਨੇ ਸ਼ਹੀਦ ਊਧਮ ਸਿੰਘ ਚੌਕ ਤੋਂ ਲੈ ਕੇ ਬਾਹਮਣੀ ਬਾਜ਼ਾਰ ਤੱਕ ਮੁੱਖ ਬਾਜ਼ਾਰ ਖੇਤਰ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੁਹਿੰਮ ਦੌਰਾਨ ਸੜਕ ਕਿਨਾਰੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਅਤੇ ਅਤਿਕ੍ਰਮਣ ਨੂੰ ਮੌਕੇ ਤੇ ਹੀ ਹਟਾਇਆ ਗਿਆ। ਇੰਸਪੈਕਟਰ ਸੰਦੀਪ ਚੌਧਰੀ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਫੁੱਟਪਾਥ ਅਤੇ ਸੜਕਾਂ ਤੇ ਰੱਖੇ ਸਾਮਾਨ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਨਗਰ ਕੌਂਸਲ ਵੱਲੋਂ ਤੁਰੰਤ ਹਟਵਾ ਦਿੱਤਾ ਗਿਆ। ਇਸ ਦੇ ਨਾਲ ਹੀ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਕਿ ਭਵਿੱਖ ਵਿੱਚ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੰਸਪੈਕਟਰ ਚੌਧਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਪੌਲੀਥੀਨ ਦੀ ਵਧਦੀ ਵਰਤੋਂ ਨੂੰ ਰੋਕਣ ਲਈ ਵੀ ਕੌਂਸਲ ਪੂਰੀ ਤਰ੍ਹਾਂ ਸਰਗਰਮ ਹੈ। ਇਸੇ ਲੜੀ ਤਹਿਤ ਪੌਲੀਥੀਨ ਦੀ ਵਰਤੋਂ ਕਰਨ ਵਾਲੇ ਕਰੀਬ ਅੱਧਾ ਦਰਜਨ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਜੁਰਮਾਨਾ ਵਸੂਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕਦਮ ਵਾਤਾਵਰਣ ਦੀ ਸੰਭਾਲ ਅਤੇ ਸਰਕਾਰ ਵੱਲੋਂ ਜਾਰੀ ਪਲਾਸਟਿਕ ਬੈਨ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਤਹਿਤ ਚੁੱਕਿਆ ਗਿਆ ਹੈ। ਨਗਰ ਕੌਂਸਲ ਦੀ ਇਸ ਮੁਹਿੰਮ ਦੀ ਸਥਾਨਕ ਲੋਕਾਂ ਅਤੇ ਬਾਜ਼ਾਰ ਵਿੱਚ ਆਉਣ ਵਾਲੇ ਗਾਹਕਾਂ ਵੱਲੋਂ ਸ਼ਲਾਘਾ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਬਾਜ਼ਾਰ ਦੀ ਸੁੰਦਰਤਾ ਵਿੱਚ ਸੁਧਾਰ ਹੋਵੇਗਾ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵੀ ਮਜ਼ਬੂਤ ਹੋਵੇਗੀ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ, ਤਾਂ ਜੋ ਸ਼ਹਿਰ ਨੂੰ ਸਵੱਛ, ਸੁੰਦਰ ਅਤੇ ਨਿਯਮਬੱਧ ਬਣਾਇਆ ਜਾ ਸਕੇ।