ਮੋਗਾ ਰੈਲੀ ਨਾਲ ਸੂਬੇ ਦੀ ਰਾਜਨੀਤੀ ’ਚ ਨਵਾਂ ਸੰਦੇਸ਼ ਜਾਵੇਗਾ : ਵਧਵਾ
ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਸੁਨੇਹਾ ਦੇਵੇਗੀ: ਦਰਸ਼ਨ ਲਾਲ ਵਧਵਾ
Publish Date: Fri, 13 Mar 2026 05:09 PM (IST)
Updated Date: Fri, 13 Mar 2026 05:12 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਮੋਗਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਮੋਗਾ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਲੈ ਕੇ ਸੂਬੇ ਭਰ ਦੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਰੈਲੀ ਵਿੱਚ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਭਾਜਪਾ ਦੇ ਸਟੇਟ ਐਗਜ਼ਿਕਿਊਟਿਵ ਮੈਂਬਰ ਦਰਸ਼ਨ ਲਾਲ ਵਧਵਾ ਨੇ ਕਿਹਾ ਕਿ ਮੋਗਾ ਵਿੱਚ ਹੋਣ ਵਾਲੀ ਇਹ ਰੈਲੀ ਇਤਿਹਾਸਕ ਸਾਬਤ ਹੋਵੇਗੀ ਅਤੇ ਇਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਸੰਦੇਸ਼ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਆਉਣਾ ਪਾਰਟੀ ਵਰਕਰਾਂ ਲਈ ਉਤਸ਼ਾਹ ਅਤੇ ਪ੍ਰੇਰਣਾ ਦਾ ਸਰੋਤ ਹੈ। ਵਧਵਾ ਨੇ ਕਿਹਾ ਕਿ ਭਾਜਪਾ ਅੱਜ ਦੇਸ਼ ਦੀ ਸਭ ਤੋਂ ਮਜ਼ਬੂਤ ਅਤੇ ਜਨਹਿਤੈਸ਼ੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਕਾਸ, ਸੁਰੱਖਿਆ ਅਤੇ ਆਮ ਲੋਕਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ। ਇਨ੍ਹਾਂ ਹੀ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੋਗਾ ਦੀ ਇਹ ਰੈਲੀ ਮਹੱਤਵਪੂਰਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਵਿਕਾਸ, ਪਾਰਦਰਸ਼ਤਾ ਅਤੇ ਮਜ਼ਬੂਤ ਅਗਵਾਈ ਵਾਲੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਮੋਗਾ ਦੀ ਇਹ ਰੈਲੀ ਨਾ ਸਿਰਫ਼ ਭਾਜਪਾ ਵਰਕਰਾਂ ਦਾ ਹੌਸਲਾ ਵਧਾਏਗੀ, ਸਗੋਂ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਵੀ ਹੋਰ ਮਜ਼ਬੂਤ ਕਰੇਗੀ। ਦਰਸ਼ਨ ਲਾਲ ਵਧਵਾ ਨੇ ਕਿਹਾ ਕਿ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਭਾਜਪਾ ਵਰਕਰ ਪੂਰੇ ਜੋਸ਼ ਅਤੇ ਸਮਰਪਣ ਨਾਲ ਜੁਟੇ ਹੋਏ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋ ਕੇ ਇਸ ਨੂੰ ਇਤਿਹਾਸਕ ਬਣਾਉਣਗੇ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਭਾਜਪਾ ਦੇ ਵਧ ਰਹੇ ਜਨਅਧਾਰ ਦੀ ਵੀ ਨਿਸ਼ਾਨੀ ਹੋਵੇਗੀ।