ਮੋਬਾਇਲ ਦੀ ਵਰਤੋਂ ਤੇ ਪੌਸ਼ਟਿਕ ਖੁਰਾਕ ਦੀ ਕਮੀ ਅੱਖਾਂ ਨੂੰ ਪਹੁੰਚਾ ਰਹੀ ਨੁਕਸਾਨ
ਮੋਬਾਇਲ ਦੀ ਵਰਤੋਂ ਅਤੇ ਪੌਸ਼ਟਿਕ ਖੁਰਾਕ ਦੀ ਕਮੀ ਅੱਖਾਂ ਨੂੰ ਪਹੁੰਚਾ ਰਹੀ ਨੁਕਸਾਨ: ਡਾ. ਗਗਨਦੀਪ ਸਿੰਘ
Publish Date: Tue, 17 Mar 2026 04:16 PM (IST)
Updated Date: Tue, 17 Mar 2026 04:19 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਡਾ. ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਅਤੇ ਡਾ. ਗਗਨਦੀਪ ਸਿੰਘ (ਜਨਰਲ ਸਰਜਨ) ਸੀਨੀਅਰ ਮੈਡੀਕਲ ਅਫ਼ਸਰ ਵਹਾਬਵਾਲਾ ਦੀ ਦੇਖਰੇਖ ਵਿੱਚ ਬੱਚਿਆਂ ਨੂੰ ਐਨਕਾਂ ਦੀ ਵੰਡ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਮੋਬਾਇਲ ਦੀ ਜ਼ਿਆਦਾ ਵਰਤੋਂ ਅਤੇ ਪੌਸ਼ਟਿਕ ਖੁਰਾਕ ਦੀ ਕਮੀ ਕਾਰਨ ਬੱਚਿਆਂ ਦੀ ਅੱਖਾਂ ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰੇਵਾਲਾ ਦੇ 21 ਅਤੇ ਸਰਕਾਰੀ ਮਿਡਲ ਸਕੂਲ ਸ਼ੇਰੇਵਾਲਾ ਦੇ 40 ਬੱਚਿਆਂ ਨੂੰ ਐਨਕਾਂ ਵੰਡੀਆਂ ਗਈਆਂ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਪ੍ਰੋਗ੍ਰਾਮ ਤਹਿਤ ਸਕੂਲੀ ਵਿਦਿਆਰਥੀਆਂ ਅਤੇ ਲੋੜਵੰਦ ਵਿਅਕਤੀਆਂ ਨੂੰ ਐਣਕਾਂ ਵੰਡੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਰੀਰ ਦੇ ਹੋਰ ਅੰਗਾਂ ਦੀ ਤਰ੍ਹਾਂ ਹੀ ਅੱਖਾਂ ਵੀ ਅਨਮੋਲ ਅੰਗ ਹਨ। ਵਿਅਕਤੀ ਨੂੰ ਅੱਖਾਂ ਦੀ ਸਾਂਭ ਸੰਭਾਲ ਪ੍ਰਤੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਜੇਕਰ ਕਦੇ ਵੀ ਕਿਸੇ ਪ੍ਰਕਾਰ ਦੀ ਅੱਖਾਂ ਦੀ ਸਮੱਸਿਆ ਪੇਸ਼ ਆਵੇ ਤਾਂ ਤੁਰੰਤ ਹਸਪਤਾਲ ਵਿਖੇ ਆ ਕੇ ਮਾਹਿਰ ਡਾਕਟਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਨੂੰ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ। ਮੈਡੀਕਲ ਅਫਸਰ ਡਾ. ਸਿਮਰਨ ਅਤੇ ਓਪਥੈਲਮਿਕ ਅਫਸਰ ਮਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਖਾਂ ਦੀ ਸੰਭਾਲ ਲਈ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਜਾਂਦੇ ਹਨ ਅਤੇ ਲੋੜਵੰਦ ਵਿਅਕਤੀਆਂ ਦੇ ਮੁਫਤ ਆਪਰੇਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੈਡੀਕਲ ਟੀਮ ਰਾਹੀੰ ਇਹਨਾਂ ਸਕੂਲਾਂ ਦੇ ਸਾਰੇ ਬੱਚਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਜਿਨ੍ਹਾਂ ਬੱਚਿਆਂ ਦੀ ਨਜ਼ਰ ਕਮਜ਼ੋਰ ਪਾਈ ਗਈ, ਉਹਨਾਂ ਲਈ ਵਿਭਾਗ ਵੱਲੋਂ ਚਸ਼ਮੇ ਬਣਵਾ ਕੇ ਭੇਜੇ ਗਏ ਹਨ। ਇਸ ਮੌਕੇ ਤੇ ਸਟਾਫ ਨਰਸ ਕੁਲਜੀਤ ਕੁਮਾਰ, ਰਵਿੰਦਰ ਕੁਮਾਰ, ਸਕੂਲ ਪ੍ਰਿੰਸੀਪਲ, ਸਟਾਫ ਅਤੇ ਬੱਚੇ ਮੌਜੂਦ ਸਨ।