ਵਿਧਾਨ ਸਭਾ ਸੈਸ਼ਨ ਵਿੱਚ ਵਿਧਾਇਕ ਫਾਜ਼ਿਲਕਾ ਨੇ ਕਿਰਤੀਆਂ ਦੀ ਭਲਾਈ ਲਈ ਚੁੱਕੀ ਆਵਾਜ਼
ਵਿਧਾਨ ਸਭਾ ਸੈਸ਼ਨ ਵਿੱਚ ਵਿਧਾਇਕ ਫਾਜ਼ਿਲਕਾ ਨੇ ਕਿਰਤੀਆਂ ਦੀ ਭਲਾਈ ਲਈ ਚੁੱਕੀ ਆਵਾਜ਼
Publish Date: Fri, 13 Mar 2026 03:32 PM (IST)
Updated Date: Fri, 13 Mar 2026 03:33 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਫਾਜ਼ਿਲਕਾ ਹਲਕੇ ਵਿੱਚ ਵੱਖ-ਵੱਖ ਭਲਾਈ ਸਕੀਮਾਂ ਅਧੀਨ ਬੀ.ਓ.ਸੀ.ਡਬਲਿਊ ਵੈਲਫੇਅਰ ਬੋਰਡ ਵੱਲੋਂ ਕੁੱਲ 47.38 ਕਰੋੜ ਰੁਪਏ ਦੀ ਰਕਮ ਕਿਰਤੀਆਂ ਨੂੰ ਦਿੱਤੀ ਜਾ ਚੁੱਕੀ ਹੈ। ਵੱਖ-ਵੱਖ ਭਲਾਈ ਸਕੀਮਾਂ ਅਧੀਨ ਉਸਾਰੀ ਕਿਰਤੀਆਂ ਵੱਲੋਂ ਹੁਣ ਤੱਕ 87 ਹਜ਼ਾਰ 557 ਅਰਜੀਆਂ ਪ੍ਰਾਪਤ ਹੋਈਆਂ ਹਨ, ਇਨ੍ਹਾਂ ਦਾ ਨਿਪਟਾਰਾ ਦੋ ਮਹੀਨਿਆਂ ਵਿੱਚ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਸੈਸ਼ਨ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਸਵਾਲ ਦੇ ਜਵਾਬ ਵਿੱਚ ਕਿਹਾ। ਇਸ ਦੌਰਾਨ ਵਿਧਾਇਕ ਸਵਨਾ ਨੇ ਕਿਹਾ ਕਿ ਸਾਡੇ ਹਲਕੇ ਦੇ ਕਿਰਤੀ ਕਾਮਿਆਂ ਨੂੰ ਆਪਣੇ ਦਫ਼ਤਰੀ ਕੰਮ ਨੂੰ ਲੈ ਕੇ ਕਈ ਵਾਰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਗੇੜੇ ਮਾਰਨੇ ਪੈਂਦੇ ਹਨ, ਸੋ ਸਾਡੇ ਕਾਮਿਆ ਦੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਵਿਭਾਗ ਵੱਲੋਂ ਕੁਝ ਅਹਿਮ ਕਦਮ ਚੁੱਕੇ ਜਾਣ ਜਿਵੇਂ ਕਿ ਪਿੰਡਾਂ ਤੇ ਵਾਰਡਾਂ ਵਿੱਚ ਕੈਂਪ ਲਗਾ ਕੇ ਦਫਤਰੀ ਕਿਰਤ ਵਿਭਾਗ ਨਾਲ ਸੰਬੰਧਿਤ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇ। ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ ਨੇ ਅੱਗੇ ਕਿਹਾ ਕਿ ਪੰਜਾਬ ਵੈਲਫੇਅਰ ਬੋਰਡ ਵੱਲੋਂ ਫਾਜ਼ਿਲਕਾ ਵਿੱਚ ਲਗਭਗ 40 ਲੱਖ ਰੁਪਇਆ 185 ਉਦਯੋਗਿਕ ਕਿਰਤੀ ਕਾਮਿਆ ਨੂੰ ਦਿਤੇ ਜਾ ਚੁੱਕੇ ਹਨ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੌਥੇ ਸਾਲ ਕਿਰਤ ਵਿਭਾਗ ਨਾਲ ਸੰਬੰਧਿਤ 45 ਹਜ਼ਾਰ 578 ਲਾਭਪਾਤਰੀਆਂ ਨੂੰ 146.77 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਰਤੀ ਕਾਮਿਆ ਦੀਆਂ ਪ੍ਰਾਪਤ ਅਰਜ਼ੀਆਂ ਤੇ ਕਰਵਾਈ ਕਰਨ ਦਾ ਸਮਾਂ 165 ਦਿਨ ਸੀ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਰਜੀਆਂ ਤੇ ਕਾਰਵਾਈ ਕਰਨ ਦਾ ਸਮਾਂ ਘਟਾ ਕੇ 65 ਦਿਨ ਦਾ ਕਰ ਦਿੱਤਾ ਗਿਆ ਹੈ ਜੋ ਕਿ ਕਾਫੀ ਸਲਾਹਣਯੋਗ ਕਾਰਜ ਹੈ।