ਵਿਧਾਇਕ ਗੋਲਡੀ ’ਤੇ ਪੰਚਾਇਤੀ ਫੰਡਾਂ ’ਚ 20 ਕਰੋੜ ਦੀ ਗੜਬੜ ਦੇ ਇਲਜ਼ਾਮ
ਪੰਚਾਇਤੀ ਫੰਡਾਂ ‘ਚ 20 ਕਰੋੜ ਦੀ ਗੜਬੜ? ਵਿਧਾਇਕ ਗੋਲਡੀ ‘ਤੇ ਗੰਭੀਰ ਇਲਜ਼ਾਮ
Publish Date: Fri, 20 Mar 2026 06:26 PM (IST)
Updated Date: Fri, 20 Mar 2026 06:28 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਸੈੱਲ ਦੇ ਸੂਬਾ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ’ਤੇ 20 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ‘ਆਪ’ ਸਰਕਾਰ ਬਣਨ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਚੁਣੀਆਂ ਗਈਆਂ ਪੰਚਾਇਤਾਂ ਦੇ ਖਾਤਿਆਂ ਵਿੱਚ ਪਏ ਵਿਕਾਸ ਫੰਡ ਨੂੰ ਵਿਧਾਇਕ ਨੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਦੀ ਮਿਲੀਭੁਗਤ ਨਾਲ ਕਢਵਾ ਕੇ ਗਲਤ ਢੰਗ ਨਾਲ ਵਰਤਿਆ ਹੈ। ਰਾਜ ਬਖ਼ਸ਼ ਕੰਬੋਜ ਨੇ ਕਿਹਾ ਕਿ ਪਿਛਲੇ ਕਾਂਗਰਸ ਸਰਕਾਰ ਨੇ ਇਹ ਰਕਮ ਪਿੰਡਾਂ ਦੇ ਵਿਕਾਸ ਲਈ ਰੱਖੀ ਸੀ ਅਤੇ ਇਸ ਨਾਲ ਪਿੰਡਾਂ ਵਿੱਚ ਸੜਕਾਂ, ਨਿਕਾਸੀ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੰਮ ਹੋਣੇ ਸੀ, ਪਰ ਹਕੀਕਤ ਵਿੱਚ ਅੱਜ ਤੱਕ ਮੌਜੂਦਾ ਵਿਧਾਇਕ ਨੇ ਇਸ ਪੈਸੇ ਦਾ ਕੋਈ ਵੀ ਸਪੱਸ਼ਟ ਹਿਸਾਬ ਕਿਤਾਬ ਜਨਤਾ ਦੇ ਸਾਹਮਣੇ ਨਹੀਂ ਰੱਖਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੈਸਾ ਕਢਵਾਉਣ ਦੇ ਬਾਵਜੂਦ ਇਲਾਕੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਤੇ ਨਾ ਹੀ ਪੈਸੇ ਦਾ ਕੋਈ ਹਿਸਾਬ ਕਿਤਾਬ ਵਿਧਾਇਕ ਨੇ ਦਿੱਤਾ ਹੈ, ਜੋ ਕਿ ਸਾਰੇ ਮਾਮਲੇ ‘ਤੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਵੱਲੋਂ ਪੰਚਾਇਤਾਂ ਕੋਲੋਂ ਧੱਕੇਸ਼ਾਹੀ ਨਾਲ ਕਢਵਾਈ ਗਈ ਗਰਾਂਟਾਂ ਦੀ ਖਰਚ ਕੀਤੀ ਰਕਮ ਦੀ ਸੱਚਾਈ ਜਾਣਨ ਲਈ ਉਹਨਾਂ ਵੱਲੋਂ ਬੀਡੀਪੀਓ ਦਫਤਰ ਕੋਲ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਕਈ ਵਾਰ ਜਾਣਕਾਰੀ ਮੰਗੀ ਗਈ, ਪਰ ਵਿਭਾਗ ਵੱਲੋਂ ਲਗਾਤਾਰ ਚੁੱਪੀ ਵੱਟੀ ਗਈ। ਉਨ੍ਹਾਂ ਕਿਹਾ ਕਿ ਨਾ ਸਿਰਫ ਬੀਡੀਪੀਓ ਦਫਤਰ ਨੇ ਜਵਾਬ ਨਹੀਂ ਦਿੱਤਾ, ਸਗੋਂ ਡੀਡੀਪੀਓ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰਨ ਦੇ ਬਾਵਜੂਦ ਅੱਜ ਤੱਕ ਕਿਸੇ ਸੂਚਨਾ ਦਾ ਜਵਾਬ ਨਹੀਂ ਮਿਲਿਆ। ਰਾਜ ਬਖ਼ਸ਼ ਕੰਬੋਜ ਨੇ ਦੱਸਿਆ ਕਿ ਆਖਿਰਕਾਰ ਮੰਗੀ ਗਈ ਸੂਚਨਾ ਨਾ ਮਿਲਣ ’ਤੇ ਪੂਰਾ ਮਾਮਲਾ ਸੂਚਨਾ ਕਮਿਸ਼ਨ ਚੰਡੀਗੜ੍ਹ ਦੇ ਧਿਆਨ ਵਿੱਚ ਲਿਜਾਇਆ ਗਿਆ ਅਤੇ ਉੱਥੇ ਅਪੀਲ ਵੀ ਦਾਇਰ ਕੀਤੀ ਗਈ, ਪਰ ਅੱਜ ਤੱਕ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਇਸਨੂੰ ਵਿਧਾਇਕ ਦੀ ਸ਼ਹਿ ਤੇ ਪ੍ਰਸ਼ਾਸਨਿਕ ਪੱਧਰ ’ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕਤੰਤਰ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ਦੇ ਖਿਲਾਫ ਹੈ।ਰਾਜ ਬਖ਼ਸ਼ ਕੰਬੋਜ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਚੁਣੌਤੀ ਭਰੇ ਲਹਿਜ਼ੇ ‘ਚ ਮੰਗ ਕੀਤੀ ਕਿ ਵਿਧਾਇਕ ਵੱਲੋਂ ਕਢਵਾਏ ਗਏ 20 ਕਰੋੜ ਰੁਪਏ ਦਾ ਪੂਰਾ ਹਿਸਾਬ ਜਲਾਲਾਬਾਦ ਦੀ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਪਾਈਆਂ ਆਰਟੀਆਈਆਂ ਦੇ ਜਵਾਬ ਮੁੱਖ ਮੰਤਰੀ ਆਪਣੇ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਰਕਮ ਦੇ ਬਾਵਜੂਦ ਪਿੰਡਾਂ ਵਿੱਚ ਕੋਈ ਵਿਸ਼ੇਸ਼ ਵਿਕਾਸ ਨਹੀਂ ਹੋਇਆ, ਜੋ ਕਿ ਗੰਭੀਰ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਇਹ ਲੋਕਾਂ ਦੇ ਭਰੋਸੇ ਨਾਲ ਖਿਲਵਾੜ ਹੋਵੇਗਾ। ਰਾਜ ਬਖ਼ਸ਼ ਕੰਬੋਜ ਨੇ ਵਿਧਾਇਕ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਪੰਚਾਇਤਾਂ ਦੇ ਹੱਕ ਦਾ ਪੈਸਾ ਗਲਤ ਢੰਗ ਨਾਲ ਕਢਵਾ ਕੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਆਰਥਿਕ ਬੇਨਿਯਮੀ ਦੇ ਖਿਲਾਫ ਪੂਰੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕੋਈ ਦੋਸ਼ੀ ਸਾਹਮਣੇ ਆਉਂਦਾ ਹੈ ਤਾਂ ਉਸ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਰੱਖੇ ਗਏ ਫੰਡ ਨਾਲ ਕੋਈ ਵੱਡਾ ਕੰਮ ਨਾ ਹੋਣਾ ਸਿਰਫ ਪ੍ਰਸ਼ਾਸਨਿਕ ਨਾਕਾਮੀ ਨਹੀਂ, ਸਗੋਂ ਇਹ ਸਪੱਸ਼ਟ ਕਰਦਾ ਹੈ ਕਿ ਜਨਤਾ ਦੇ ਟੈਕਸ ਦੇ ਪੈਸੇ ਦੀ ਵੱਡੇ ਪੱਧਰ ਤੇ ਗੜਬੜ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਚ ਸੱਚ ਸਾਹਮਣੇ ਲਿਆਉਣ ਲਈ ਆਵਾਜ਼ ਉਠਾਉਣ।