ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਸਬੰਧੀ ਵਿਧਾਇਕ ਗੋਲਡੀ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਸਬੰਧੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਮੰਗ ਪੱਤਰ ਸੌਂਪਦੇ ਹੋਏ ਟਰੱਸਟ ਦੇ ਮੈਂਬਰ।
Publish Date: Sat, 10 Jan 2026 04:32 PM (IST)
Updated Date: Sat, 10 Jan 2026 04:36 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਅਖਿਲ ਭਾਰਤੀ ਸ਼ਹੀਦ ਸੁਖਦੇਵ ਸਿੰਘ ਥਾਪਰ ਮੈਮੋਰਿਅਲ ਟਰੱਸਟ ਦੇ ਸਥਾਨਕ ਪ੍ਰਤੀਨਿਧੀ ਮੰਡਲ ਵੱਲੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਦੇ ਪ੍ਰਸਤਾਵਿਤ ਨਵੀਨੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੇਸ਼ਨ ਦਾ ਨਾਮ ਮਹਾਨ ਆਜ਼ਾਦੀ ਸੈਨਾਨੀ ਸ਼ਹੀਦ ਸੁਖਦੇਵ ਸਿੰਘ ਥਾਪਰ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ ਗਈ ਹੈ। ਟਰੱਸਟ ਦੇ ਅਧਿਕਾਰੀਆਂ ਵਿਚੋਂ ਖੱਤਰੀ ਬਿਰਾਦਰੀ ਦੇ ਪ੍ਰਧਾਨ ਦੀਪਕ ਸਹਿਗਲ ਨੇ ਕਿਹਾ ਕਿ ਸ਼ਹੀਦ ਸੁਖਦੇਵ ਸਿੰਘ ਥਾਪਰ ਦਾ ਦੇਸ਼ ਦੀ ਆਜ਼ਾਦੀ ਵਿੱਚ ਅਮੁੱਲ ਯੋਗਦਾਨ ਰਿਹਾ ਹੈ ਅਤੇ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਰਹੀ ਹੈ। ਅਜਿਹੇ ਵਿੱਚ ਰੇਲਵੇ ਸਟੇਸ਼ਨ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ਭਗਤੀ ਅਤੇ ਬਲੀਦਾਨ ਦੀ ਪ੍ਰੇਰਣਾ ਦੇਵੇਗਾ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਟਰੱਸਟ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਸ਼ਹੀਦ ਸੁਖਦੇਵ ਸਿੰਘ ਥਾਪਰ ਵਰਗੇ ਮਹਾਨ ਕ੍ਰਾਂਤੀਕਾਰੀ ਸਾਡੇ ਦੇਸ਼ ਦੀ ਅਮੂਲ ਧਰੋਹਰ ਹਨ। ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਬਲੀਦਾਨ ਨਾਲ ਜੋੜੇਗਾ। ਮੈਂ ਇਹ ਮੰਗ ਸੰਬੰਧਿਤ ਮੰਚਾਂ ’ਤੇ ਪੂਰੀ ਤਾਕਤ ਨਾਲ ਉਠਾਵਾਂਗਾ ਅਤੇ ਇਸਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕਰਾਂਗਾ। ਵਿਧਾਇਕ ਵੱਲੋਂ ਮਿਲੇ ਸਕਾਰਾਤਮਕ ਭਰੋਸੇ ਤੋਂ ਬਾਅਦ ਟਰੱਸਟ ਦੇ ਮੈਂਬਰਾਂ ਨੇ ਧੰਨਵਾਦ ਪ੍ਰਗਟ ਕੀਤਾ ਅਤੇ ਉਮੀਦ ਜਤਾਈ ਕਿ ਜਲਦੀ ਹੀ ਇਸ ਇਤਿਹਾਸਕ ਮੰਗ ’ਤੇ ਠੋਸ ਕਦਮ ਚੁੱਕੇ ਜਾਣਗੇ।