ਸਵਾਇਆ ਰਾਏ ਉਤਾੜ ਵਿੱਚ ਸੂਰਜ ਘਰ ਯੋਜਨਾ ਸਬੰਧੀ ਟ੍ਰੇਨਿੰਗ ਕੋਰਸ
ਹੈਪੀ ਕਾਠਪਾਲ.ਪੰਜਾਬੀ ਜਾਗਰਣਜਲਾਲਾਬਾਦ :
Publish Date: Sun, 15 Mar 2026 04:14 PM (IST)
Updated Date: Sun, 15 Mar 2026 04:18 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਗ੍ਰਾਮ ਪੰਚਾਇਤ ਸਵਾਇਆ ਰਾਏ ਉਤਾੜ ਦੇ ਸਰਪੰਚ ਦੇਸ ਸਿੰਘ ਦੇ ਉੱਦਮ ਨਾਲ ਪਿੰਡ ਵਿੱਚ ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਸਬੰਧੀ ਟ੍ਰੇਨਿੰਗ ਅਤੇ ਕਪੈਸਿਟੀ ਬਿਲਡਿੰਗ ਕੋਰਸ ਦਾ ਆਯੋਜਨ ਕੀਤਾ ਗਿਆ। ਕੋਰਸ ਦੌਰਾਨ ਹਿਸੇਦਾਰਾਂ ਨੂੰ ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖ਼ਾਸ ਗੱਲ ਇਹ ਰਹੀ ਕਿ ਸਰਪੰਚ ਦੇਸ ਸਿੰਘ ਅਤੇ ਪੰਚਾਇਤ ਮੈਂਬਰ ਪਰਮਜੀਤ ਸਿੰਘ ਨੇ ਵੀ ਖੁਦ ਇਸ ਟ੍ਰੇਨਿੰਗ ਕੋਰਸ ਵਿੱਚ ਭਾਗ ਲਿਆ ਅਤੇ ਕੋਰਸ ਪੂਰਾ ਕੀਤਾ। ਸਰਪੰਚ ਦੇਸ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੇ ਕੋਰਸ ਨੌਜਵਾਨਾਂ ਲਈ ਭਵਿੱਖ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਘਰਾਂ ਨੂੰ ਸਸਤੀ ਅਤੇ ਸਾਫ਼ ਉਰਜਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜੇਕਰ ਲੋਕ ਇਸ ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਸ ਦਾ ਲਾਭ ਲੈਂਦੇ ਹਨ ਤਾਂ ਇਸ ਨਾਲ ਬਿਜਲੀ ਦੇ ਖਰਚ ਵਿੱਚ ਵੀ ਕਾਫ਼ੀ ਕਮੀ ਆ ਸਕਦੀ ਹੈ ਅਤੇ ਪਰਿਆਵਰਨ ਦੀ ਸੁਰੱਖਿਆ ਵਿੱਚ ਵੀ ਯੋਗਦਾਨ ਪੈ ਸਕਦਾ ਹੈ। ਕੋਰਸ ਦੀ ਸਮਾਪਤੀ ਉਪਰੰਤ ਸਰਪੰਚ ਦੇਸ ਸਿੰਘ ਵੱਲੋਂ ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਟ੍ਰੇਨਿੰਗ ਅਤੇ ਕਪੈਸਿਟੀ ਬਿਲਡਿੰਗ ਕੋਰਸ ਪੂਰਾ ਕਰਨ ਵਾਲੇ ਹਿਸੇਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਪਿੰਡ ਦੇ ਹੋਰ ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਿੰਡ ਪੱਧਰ ‘ਤੇ ਇਸ ਤਰ੍ਹਾਂ ਦੇ ਹੋਰ ਤਕਨੀਕੀ ਅਤੇ ਜਾਗਰੂਕਤਾ ਕੈਂਪ ਲਗਾਤਾਰ ਕਰਵਾਏ ਜਾਣ ਤਾਂ ਇਸ ਨਾਲ ਨੌਜਵਾਨਾਂ ਨੂੰ ਕਾਫ਼ੀ ਲਾਭ ਮਿਲੇਗਾ ਅਤੇ ਪਿੰਡਾਂ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ।