30 ਲੱਖ ਦੀ ਲਾਗਤ ਨਾਲ ਬਣੇਗੀ ਲਾਇਬ੍ਰੇਰੀ
30 ਲੱਖ ਦੀ ਲਾਗਤ ਨਾਲ ਬਣੇਗੀ ਲਾਇਬ੍ਰੇਰੀ
Publish Date: Sat, 28 Feb 2026 05:01 PM (IST)
Updated Date: Sat, 28 Feb 2026 05:01 PM (IST)

ਪੱਤਰ ਪ੍ਰੇਰਕ . ਪੰਜਾਬੀ ਜਾਗਰਣ, ਮੰਡੀ ਅਰਨੀਵਾਲਾ : ਵਿਧਾਇਕ ਜਗਦੀਪ ਕੰਬੋਜ ਗੋਲਡੀ ਅਰਨੀਵਾਲਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਧੁਨਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ, ਇੱਕ ਸਥਾਨਕ ਪਰਿਵਾਰ ਵੱਲੋਂ ਨਗਰ ਕੌਂਸਲ ਨੂੰ ਸ਼ਮਸ਼ਾਨਘਾਟ ਲਈ ਦਾਨ ਵਿੱਚ ਦਿੱਤੀ ਗਈ ਜ਼ਮੀਨ ਤੇ ਬਣਾਏ ਗਏ ਪਾਰਕਿੰਗ ਸ਼ੈੱਡ ਦਾ ਵੀ ਵਿਧਾਇਕ ਵੱਲੋਂ ਉਦਘਾਟਨ ਕੀਤਾ ਗਿਆ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਰਨੀਵਾਲਾ ਪਹੁੰਚੇ ਹਨ, ਜਿੱਥੇ ਨੌਜਵਾਨਾਂ ਦੀ ਸਹੂਲਤ ਲਈ 30 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਲਾਇਬ੍ਰੇਰੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਅਤੇ ਇਹ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ। ਇਸ ਤੋਂ ਇਲਾਵਾ ਵਾਰਡ ਨੰਬਰ ਦੋ ਵਿੱਚ ਸਥਿਤ ਸ਼ਮਸ਼ਾਨਘਾਟ ਵਿੱਚ ਪਾਰਕਿੰਗ ਸ਼ੈੱਡ ਦਾ ਉਦਘਾਟਨ ਵੀ ਕੀਤਾ ਗਿਆ ਹੈ। ਵਿਧਾਇਕ ਨੇ ਦੱਸਿਆ ਕਿ ਸਥਾਨਕ ਨਿਵਾਸੀ ਜਗਪ੍ਰੀਤ ਕੌਰ ਦੇ ਪਤੀ ਜਗਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਯਾਦ ਵਿੱਚ ਪਰਿਵਾਰ ਨੇ ਇੱਕ ਕਨਾਲ ਜ਼ਮੀਨ ਸ਼ਮਸ਼ਾਨਘਾਟ ਲਈ ਨਗਰ ਕੌਂਸਲ ਨੂੰ ਦਾਨ ਵਜੋਂ ਦਿੱਤੀ ਸੀ। ਹੁਣ ਇਸ ਜ਼ਮੀਨ ਤੇ ਸ਼ੈੱਡ ਪਾ ਕੇ ਪਾਰਕਿੰਗ ਬਣਾ ਦਿੱਤੀ ਗਈ ਹੈ, ਜਿਸ ਨਾਲ ਸ਼ਮਸ਼ਾਨਘਾਟ ਵਿੱਚ ਹੋਣ ਵਾਲੀ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਜ਼ਮੀਨ ਦੇ ਟੁਕੜੇ ਲਈ ਭਰਾ-ਭਰਾ ਆਪਸ ਵਿੱਚ ਭਿੜ ਜਾਂਦੇ ਹਨ, ਉੱਥੇ ਹੀ ਸਮਾਜ ਭਲਾਈ ਲਈ ਜ਼ਮੀਨ ਦਾਨ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪਾਰਕਿੰਗ ਹੁਣ ਲੋਕਾਂ ਦੇ ਸਪੁਰਦ ਕਰ ਦਿੱਤੀ ਗਈ ਹੈ।