ਕੱਪੜੇ ਦੀ ਦੁਕਾਨ 'ਚੋਂ ਦੇਰ ਰਾਤ ਹੋਈ ਚੋਰੀ
ਕੱਪੜੇ ਦੀ ਦੁਕਾਨ 'ਚ ਦੇਰ ਰਾਤ ਹੋਈ ਚੋਰੀ
Publish Date: Tue, 03 Feb 2026 05:12 PM (IST)
Updated Date: Tue, 03 Feb 2026 05:14 PM (IST)

ਕਾਠਪਾਲ/ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੀ ਭੰਡਾਰੀਆਂ ਵਾਲੀ ਮਾਰਕੀਟ ਵਿੱਚ, ਜੋ ਕਿ ਥਾਣਾ ਸਿਟੀ ਦੇ ਬਿਲਕੁਲ ਨੇੜੇ ਸਥਿਤ ਹੈ, ਚੋਰਾਂ ਨੇ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਈ-20 ਕਾਰ ਵਿੱਚ ਸਵਾਰ ਹੋ ਕੇ ਆਏ ਤਿੰਨ ਬੇਖੌਫ਼ ਚੋਰਾਂ ਨੇ ਤੜਕਸਾਰ ਕਰੀਬ 4:30 ਵਜੇ ‘ਹੈਸ਼ਟੈਗ ਮੇਨਜ਼ਵੇਅਰ’ ਨਾਮਕ ਕੱਪੜਿਆਂ ਦੀ ਦੁਕਾਨ ਤੇ ਧਾਵਾ ਬੋਲਿਆ ਅਤੇ ਲੱਖਾਂ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ। ਦੁਕਾਨ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 10:30 ਵਜੇ ਦੁਕਾਨ ਵਧਾ ਕੇ ਘਰ ਗਏ ਸਨ। ਸਵੇਰੇ ਕਰੀਬ 5:30 ਵਜੇ ਉਨ੍ਹਾਂ ਨੂੰ ਚੋਰੀ ਦੀ ਸੂਚਨਾ ਮਿਲੀ। ਜਦੋਂ ਉਨ੍ਹਾਂ ਨੇ ਦੁਕਾਨ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਚੋਰ ਦੁਕਾਨ ਦੇ ਗੱਲੇ ਵਿੱਚ ਰੱਖੀ ਕਰੀਬ ਸਵਾ ਲੱਖ ਰੁਪਏ (1,30,000 ਰੁਪਏ) ਨਕਦੀ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ, ਮਹਿੰਗੇ ਬ੍ਰਾਂਡਿਡ ਕੱਪੜੇ ਅਤੇ ਪਰਫ਼ਿਊਮ ਚੋਰੀ ਕਰਕੇ ਲੈ ਗਏ। ਪੀੜਤ ਅਨੁਸਾਰ ਕੁੱਲ ਨੁਕਸਾਨ ਕਰੀਬ 5 ਤੋਂ 6 ਲੱਖ ਰੁਪਏ ਦਾ ਹੈ।ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਦੁਕਾਨ ਛੇ ਮਹੀਨੇ ਪਹਿਲਾਂ ਹੀ ਕਰਜ਼ਾ ਲੈ ਕੇ ਖੋਲ੍ਹੀ ਸੀ। ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਨਾਲ ਰਸਤੇ ਵਿੱਚ ਲੁੱਟ-ਖੋਹ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਬਦਮਾਸ਼ ਉਨ੍ਹਾਂ ਦਾ ਮੋਟਰਸਾਈਕਲ ਅਤੇ ਪੈਸੇ ਖੋਹ ਕੇ ਲੈ ਗਏ ਸਨ। ਇਸੇ ਡਰ ਕਰਕੇ ਉਹ ਰਾਤ ਨੂੰ ਘਰ ਜਾਂਦੇ ਸਮੇਂ ਨਕਦੀ ਨਾਲ ਲੈ ਕੇ ਨਹੀਂ ਜਾਂਦੇ ਸਨ ਅਤੇ ਉਸ ਨੂੰ ਦੁਕਾਨ ਵਿੱਚ ਹੀ ਸੁਰੱਖਿਅਤ ਸਮਝ ਕੇ ਛੱਡ ਦਿੰਦੇ ਸਨ। ਚੋਰੀ ਦੀ ਇਹ ਪੂਰੀ ਘਟਨਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਚੋਰ 4:30 ਵਜੇ ਦੁਕਾਨ ਤੇ ਪਹੁੰਚਦੇ ਹਨ ਅਤੇ ਸਿਰਫ਼ 11 ਮਿੰਟ ਦੇ ਅੰਦਰ (4:41 ਵਜੇ ਤੱਕ) ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਚੋਰ ਦਿੱਲੀ ਨੰਬਰ ਦੀ ਆਈ-20 ਕਾਰ ਵਿੱਚ ਆਏ ਸਨ।ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮਾਰਕੀਟ ਵਿੱਚ ਚੋਰੀ ਹੋਈ, ਉਹ ਥਾਣਾ ਸਿਟੀ ਤੋਂ ਮਹਿਜ਼ 100 ਤੋਂ 200 ਮੀਟਰ ਦੀ ਦੂਰੀ ਤੇ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਬਹੁਤ ਘੱਟ ਹੈ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੁਕਾਨਦਾਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਮਾਰਕੀਟ ਵਿੱਚ ਚੌਕੀਦਾਰ ਰੱਖਣ ਦੀ ਵੀ ਸਲਾਹ ਦਿੱਤੀ ਹੈ।