ਨਿਆਂ ਪ੍ਰਣਾਲੀ ਨੂੰ ਜ਼ਿਲ੍ਹਾ ਫਾਜ਼ਿਲਕਾ ’ਚ ਮਿਲੀ ਨਵੀਂ ਦਿਸ਼ਾ : ਜਸਟਿਸ ਬੈਨਰਜੀ
ਨਿਆਂ ਪ੍ਰਣਾਲੀ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਮਿਲੀ ਨਵੀਂ ਦਿਸ਼ਾ: ਜਸਟਿਸ ਲਪਿਤਾ ਬੈਨਰਜੀ
Publish Date: Sun, 22 Mar 2026 03:24 PM (IST)
Updated Date: Sun, 22 Mar 2026 03:28 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜਸਟਿਸ ਲਪਿਤਾ ਬੈਨਰਜੀ, ਪ੍ਰਬੰਧਕੀ ਜੱਜ, ਵੱਲੋਂ ਫਾਜ਼ਿਲਕਾ, ਅਬੋਹਰ ਤੇ ਜਲਾਲਾਬਾਦ ਦੀਆਂ ਅਦਾਲਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਅਦਾਲਤੀ ਪ੍ਰਬੰਧਾਂ, ਸਹੂਲਤਾਂ ਅਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਦਫ਼ਤਰ ਵਿੱਚ ਈ-ਮੁਲਾਕਾਤ ਸੁਵਿਧਾ ਦਾ ਉਦਘਾਟਨ ਜਸਟਿਸ ਲਪਿਤਾ ਬੈਨਰਜੀ ਵੱਲੋਂ ਕੀਤਾ ਗਿਆ। ਇਸ ਈ-ਮੁਲਾਕਾਤ ਕਮਰੇ ਰਾਹੀਂ ਹਿਰਾਸਤ ਵਿੱਚ ਬੰਦ ਵਿਅਕਤੀਆਂ ਅਤੇ ਉਨ੍ਹਾਂ ਦੇ ਵਕੀਲ ਸਾਹਿਬਾਨ ਦਰਮਿਆਨ ਆਸਾਨ ਅਤੇ ਸੁਚੱਜੇ ਢੰਗ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕੇਗਾ। ਇਸ ਸੁਵਿਧਾ ਦੇ ਤਹਿਤ ਹਿਰਾਸਤ ਵਿੱਚ ਬੰਦ ਵਿਅਕਤੀ ਆਪਣੇ ਵਕੀਲ ਸਾਹਿਬਾਨ ਨਾਲ ਵੀਡੀਓ ਕਾਲ ਰਾਹੀਂ ਸਿੱਧੀ ਗੱਲਬਾਤ ਕਰ ਸਕਣਗੇ ਅਤੇ ਇਸੇ ਤਰ੍ਹਾਂ ਵਕੀਲ ਸਾਹਿਬਾਨ ਵੀ ਜੇਲ੍ਹਾਂ ਜਾਂ ਹੋਰ ਹਿਰਾਸਤੀ ਸਥਾਨਾਂ ਵਿੱਚ ਬੰਦ ਆਪਣੇ ਮੁਆਕਲਾਂ ਨਾਲ ਬਿਨਾਂ ਕਿਸੇ ਦੇਰੀ ਦੇ ਸੰਪਰਕ ਕਰ ਸਕਣਗੇ। ਇਹ ਪ੍ਰਣਾਲੀ ਨਿਆਂ ਪ੍ਰਕਿਰਿਆ ਨੂੰ ਹੋਰ ਤੇਜ਼, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਰਾਹੀਂ ਵਕੀਲ ਸਾਹਿਬਾਨ ਆਪਣੇ ਮੁਆਕਲਾਂ ਨਾਲ ਕੇਸ ਦੀ ਤਿਆਰੀ, ਦਸਤਾਵੇਜ਼ਾਂ ਬਾਰੇ ਚਰਚਾ ਅਤੇ ਅਦਾਲਤੀ ਕਾਰਵਾਈ ਸੰਬੰਧੀ ਹਦਾਇਤਾਂ ਸਾਂਝੀਆਂ ਕਰ ਸਕਣਗੇ, ਜਿਸ ਨਾਲ ਕੇਸਾਂ ਦੀ ਸੁਣਵਾਈ ਵਿੱਚ ਤੇਜ਼ੀ ਆਵੇਗੀ। ਇਹ ਈ-ਮੁਲਾਕਾਤ ਕਮਰਾ ਸਮੇਂ ਅਤੇ ਖਰਚ ਦੀ ਬਚਤ ਕਰਨ ਦੇ ਨਾਲ-ਨਾਲ ਸੁਰੱਖਿਆ ਦੇ ਪੱਖੋਂ ਵੀ ਬਹੁਤ ਲਾਭਕਾਰੀ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਹਿਰਾਸਤੀ ਵਿਅਕਤੀਆਂ ਦੀ ਭੌਤਿਕ ਹਾਜ਼ਰੀ ਦੀ ਲੋੜ ਘੱਟ ਹੋ ਜਾਵੇਗੀ ਅਤੇ ਆਵਾਜਾਈ ਨਾਲ ਸੰਬੰਧਿਤ ਜੋਖਮਾਂ ਨੂੰ ਵੀ ਘਟਾਇਆ ਜਾ ਸਕੇਗਾ। ਇਹ ਕਦਮ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਨਿਆਂ ਪ੍ਰਣਾਲੀ ਨੂੰ ਹੋਰ ਲੋਕ-ਮਿਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਲ ਹੈ।ਇਸ ਤੋਂ ਇਲਾਵਾ, ਜਸਟਿਸ ਲਪਿਤਾ ਬੈਨਰਜੀ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ, ਫਾਜ਼ਿਲਕਾ ਵਿਖੇ ਰੁੱਖ ਲਗਾ ਕੇ ਵਾਤਾਵਰਣ ਸੰਰੱਖਣ ਦਾ ਸੰਦੇਸ਼ ਵੀ ਦਿੱਤਾ ਗਿਆ। ਉਨ੍ਹਾਂ ਨੇ ਇਸ ਮੌਕੇ ‘ਤੇ ਹਾਜ਼ਰ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਧਰਮਿੰਦਰ ਪਾਲ ਸਿੰਗਲਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਬਾਰ ਐਸੋਸੀਏਸ਼ਨ ਦੇ ਵਕੀਲ ਮੌਜੂਦ ਸਨ।