ਜਲਾਲਾਬਾਦ ਮੰਡੀ ਸ਼ਿਫਟਿੰਗ ਪ੍ਰੋਜੈਕਟ ਕੰਮ ਲਟਕਿਆ
ਜਲਾਲਾਬਾਦ ਮੰਡੀ ਸ਼ਿਫਟਿੰਗ ਪ੍ਰੋਜੈਕਟ ਕੰਮ ਲਟਕਿਆ
Publish Date: Sat, 24 Jan 2026 05:58 PM (IST)
Updated Date: Sat, 24 Jan 2026 06:01 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਸ਼ਹਿਰ ਨੂੰ ਟ੍ਰੈਫਿਕ ਜਾਮ ਤੋਂ ਮੁਕਤੀ ਦਿਵਾਉਣ ਅਤੇ ਅਨਾਜ ਮੰਡੀ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਸਰਕਾਰੀ ਸੁਪਨਾ ਫਿਲਹਾਲ ਆੜ੍ਹਤੀਆਂ ਦੇ ਵਿਰੋਧ ਦੀ ਭੇਟ ਚੜ੍ਹ ਗਿਆ ਹੈ। ਮਾਰਕੀਟ ਕਮੇਟੀ ਦਫ਼ਤਰ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਆੜ੍ਹਤੀਆਂ ਦਰਮਿਆਨ ਹੋਈ ਉੱਚ ਪੱਧਰੀ ਬੈਠਕ ਬੇਸਿੱਟਾ ਰਹੀ। ਵਿਧਾਇਕ ਵੱਲੋਂ ਮੰਡੀ ਨੂੰ ਬਾਹਮਣੀ ਵਾਲਾ ਰੋਡ ਤੇ ਸ਼ਿਫਟ ਕਰਨ ਦੇ ਪ੍ਰਸਤਾਵ ਨੂੰ ਆੜ੍ਹਤੀਆਂ ਨੇ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਉਹ ਸ਼ਹਿਰ ਤੋਂ ਬਾਹਰ ਜਾਣ ਦੇ ਪੱਖ ਵਿੱਚ ਨਹੀਂ ਹਨ। 86 ਏਕੜ ਬਨਾਮ 33 ਏਕੜ : ਸਹੂਲਤਾਂ ’ਤੇ ਭਾਰੀ ਪਿਆ ‘ਪਹੁੰਚ’ ਦਾ ਮੁੱਦਾ ਬੈਠਕ ਵਿੱਚ ਵਿਧਾਇਕ ਗੋਲਡੀ ਨੇ ਤਰਕ ਦਿੱਤਾ ਕਿ ਮੌਜੂਦਾ ਮੰਡੀ ਸਿਰਫ਼ 33 ਏਕੜ ਵਿੱਚ ਸਿਮਟੀ ਹੋਈ ਹੈ, ਜਿਸ ਕਾਰਨ ਸੀਜ਼ਨ ਦੌਰਾਨ ਕਿਸਾਨਾਂ ਨੂੰ ਫ਼ਸਲ ਰੱਖਣ ਦੀ ਥਾਂ ਨਹੀਂ ਮਿਲਦੀ ਅਤੇ ਪੂਰਾ ਸ਼ਹਿਰ ਜਾਮ ਦੀ ਲਪੇਟ ਵਿੱਚ ਆ ਜਾਂਦਾ ਹੈ। ਸਰਕਾਰ ਨੇ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਬਾਹਮਣੀ ਵਾਲਾ ਰੋਡ ਤੇ 86 ਏਕੜ ਜ਼ਮੀਨ ਦੀ ਚੋਣ ਕੀਤੀ ਸੀ, ਜਿੱਥੇ ਆਧੁਨਿਕ ਸ਼ੈੱਡ ਅਤੇ ਖੁੱਲ੍ਹੀ ਪਾਰਕਿੰਗ ਦੀ ਯੋਜਨਾ ਸੀ। ਹਾਲਾਂਕਿ, ਆੜ੍ਹਤੀਆਂ ਨੇ ਇਸ ਆਧੁਨਿਕ ਵਿਜ਼ਨ ਤੇ ਇਹ ਕਹਿ ਕੇ ਅਸਹਿਮਤੀ ਜਤਾਈ ਕਿ ਸ਼ਹਿਰ ਦੇ ਕੇਂਦਰ ਵਾਲੀ ਮੰਡੀ ਕਿਸਾਨਾਂ ਦੀ ਪਹਿਲੀ ਪਸੰਦ ਹੈ ਅਤੇ ਬਾਹਰ ਜਾਣ ਨਾਲ ਢੋਆ-ਢੁਆਈ ਦਾ ਖਰਚਾ ਵਧੇਗਾ। ਨਵੀਂ ਦੀ ਬਜਾਏ ਪੁਰਾਣੀ ਮੰਡੀ ਦਾ ਕਰੋ ਵਿਸਥਾਰ : ਆੜ੍ਹਤੀਏ ਆੜ੍ਹਤੀਆਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਕਰੋੜਾਂ ਰੁਪਏ ਨਵੀਂ ਮੰਡੀ ਤੇ ਖਰਚਣ ਦੀ ਬਜਾਏ ਮੌਜੂਦਾ ਮੰਡੀ ਦੇ ਆਲੇ-ਦੁਆਲੇ ਦੀ ਵਾਧੂ ਜ਼ਮੀਨ ਖਰੀਦ ਕੇ ਉਸ ਦਾ ਵਿਸਥਾਰ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਥਾਂ ਤੇ ਆਧੁਨਿਕ ਸਹੂਲਤਾਂ ਵਿਕਸਤ ਕਰਕੇ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਆੜ੍ਹਤੀਆਂ ਦੇ ਇਸ ਸਖ਼ਤ ਰੁਖ ਤੋਂ ਬਾਅਦ ਹੁਣ ਇਹ ਪ੍ਰੋਜੈਕਟ ਠੰਡੇ ਬਸਤੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਵੀ ਲਟਕ ਗਿਆ ਹੈ।