ਪੀੜਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਮਾਜ ਨਾਲ ਜੋੜਨ ਦੇ ਉਪਰਾਲੇ ਜਾਰੀ : ਐੱਸਐੱਸਪੀ
ਨਸ਼ਿਆਂ ਤੋਂ ਦੂਰ ਰੱਖਣ ਤੇ ਸਮਾਜ ਨਾਲ ਮੁੜ ਤੋਂ ਜੋੜਨ ਦੇ ਕੀਤੇ ਜਾ ਰਹੇ ਅਹਿਮ ਉਪਰਾਲੇ-ਗੁਰਮੀਤ ਸਿੰਘ
Publish Date: Sat, 07 Mar 2026 04:21 PM (IST)
Updated Date: Sat, 07 Mar 2026 04:24 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਰਹਿਨੁਮਾਈ ਹੇਠ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕਰਨ ਅਤੇ ਇਸ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਜਟ ਵਾਲੀ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ. ਗੁਰਮੀਤ ਸਿੰਘ ਪੁੱਜੇ ਸਨ। ਇਸ ਮੌਕੇ ਨਸ਼ਾ ਨਾ ਕਰਨ ਅਤੇ ਨਸ਼ੇ ਤੋਂ ਦੂਰ ਰਹਿਣ ਬਾਰੇ ਸਹੁੰ ਵੀ ਚੁਕਾਈ ਗਈ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਟੀਮ ਵੱਲੋਂ ਉਘਾ ਯੋਗਦਾਨ ਪਾਉਂਦੇ ਹੋਏ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਪੁਲਿਸ, ਸਿਵਲ ਤੇ ਸਿਹਤ ਵਿਭਾਗ ਲਗਾਤਾਰ ਗਤੀਵਿਧੀਆਂ ਉਲੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਰੋਗੀਆਂ ਦਾ ਨਸ਼ਾ ਛੁਡਾਓ ਕੇਂਦਰਾਂ ਵਿਚ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਮਾਜ ਨਾਲ ਮੁੜ ਤੋਂ ਜ਼ੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਤੁਹਾਡੇ ਤੱਕ ਪਹੁੰਚ ਕਰਕੇ ਤੁਹਾਨੂੰ ਇਸ ਰੋਗ ਤੋਂ ਛੁਟਕਾਰਾ ਦਿਵਾਉਣਾ ਹੈ ਤੇ ਤੰਦਰੁਸਤ ਕਰਕੇ ਤੁਹਾਨੂੰ ਘਰ ਵਾਪਸ ਭੇਜਣਾ ਹੈ ਤਾਂ ਜ਼ੋ ਤੁਸੀ ਜਾ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੋ ਤੇ ਨਸ਼ੇ ਦਾ ਖਾਤਮਾ ਕਰਨ ਵਿਚ ਚਲਾਈ ਗਈ ਮੁਹਿੰਮ ਵਿਚ ਵੱਧ ਚੜ ਕੇ ਯੋਗਦਾਨ ਪਾਉ। ਇਸ ਮੌਕੇ ਡਾ. ਐਰਿਕ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਜੱਟ ਵਾਲੀ ਪੁਨਰਵਾਸ ਕੇਂਦਰ ਵਿਖੇ ਮਰੀਜਾਂ ਨੂੰ ਨਸ਼ਾ ਛੁਡਾਉਣ ਤਹਿਤ ਕੀਤੀਆਂ ਜਾਂਦੀਆਂ ਰੋਜਾਨਾਂ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਡਾ. ਅਰਪਿਤ ਗੁਪਤਾ, ਪਾਰਸ ਬਜਾਜ, ਸੁਖਜਿੰਦਰ ਸਿੰਘ ਤੋਂ ਇਲਾਵਾ ਹੋਰ ਸਿਹਤ ਸਟਾਫ ਮੌਜੂਦ ਸੀ।