ਡੀਏਵੀ ਕਾਲਜ ਦੀ ਹੁਸਨਪ੍ਰੀਤ ਕੌਰ ਜ਼ੋਨ ’ਚ ਰਹੀ ਅਵੱਲ
ਡੀਏਵੀ ਕਾਲਜ ਜਲਾਲਾਬਾਦ ਦੀ ਹੁਸਨਪ੍ਰੀਤ ਕੌਰ ਨੇ ਨੈਤਿਕ ਸਿੱਖਿਆ ਵਿੱਚ ਨਾਮ ਚਮਕਾਇਆ, ਜ਼ੋਨ ਵਿੱਚ ਰਹੀ ਅਵੱਲ
Publish Date: Sat, 07 Feb 2026 04:25 PM (IST)
Updated Date: Sat, 07 Feb 2026 04:26 PM (IST)
ਕਾਠਪਾਲ/ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਗਿਆਨੀ ਗੁਰਬਖਸ਼ ਸਿੰਘ ਡੀਏਵੀ ਕਾਲਜ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਫਿਰੋਜ਼ਪੁਰ ਅਤੇ ਮੋਗਾ ਜ਼ੋਨ) ਵੱਲੋਂ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਵਿਦਿਆਰਥਣ ਨੇ ਨਾ ਸਿਰਫ਼ ਕਾਲਜ ਦਾ ਮਾਣ ਵਧਾਇਆ ਹੈ, ਸਗੋਂ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਕਾਲਜ ਕੈਂਪਸ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਆਰ.ਪੀ. ਗੌਤਮ ਨੇ ਹੁਸਨਪ੍ਰੀਤ ਕੌਰ ਨੂੰ 2500 ਰੁਪਏ ਨਕਦ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਡੀਏਵੀ ਕਾਲਜ ਨੇ ਇਸ ਮੁਕਾਬਲੇ ਵਿੱਚ ਕੁੱਲ ਪੰਜ ਪੁਰਸਕਾਰ ਜਿੱਤ ਕੇ ਜ਼ੋਨ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ। ਨੈਤਿਕ ਸਿੱਖਿਆ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਸੰਜੀਵ ਸਿੰਘ ਨਿਮਾਣਾ ਨੇ ਵਿਦਿਆਰਥਣ ਦੀ ਸਫਲਤਾ ਨੂੰ ਚਰਿੱਤਰ ਨਿਰਮਾਣ ਦੀ ਜਿੱਤ ਦੱਸਦਿਆਂ ਕਿਹਾ ਕਿ ਅਜਿਹੇ ਸੰਸਕਾਰ ਹੀ ਨੌਜਵਾਨਾਂ ਨੂੰ ਸਮਾਜ ਦਾ ਬਿਹਤਰ ਨਾਗਰਿਕ ਬਣਾਉਂਦੇ ਹਨ।