ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਮੁਹਿੰਮ ਦੀ ਸ਼ੁਰੂਆਤ
ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਮੁਹਿੰਮ ਦੀ ਕੀਤੀ ਸ਼ੁਰੂਆਤ
Publish Date: Fri, 06 Mar 2026 03:47 PM (IST)
Updated Date: Fri, 06 Mar 2026 03:51 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਪੀਐਚਸੀ ਜੰਡਵਾਲਾ ਭੀਮੇਸ਼ਾਹ ਵਿਖੇ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਅ ਲਈ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੈਡੀਕਲ ਅਫਸਰ ਡਾ. ਵਿਕਰਮ ਸਿੰਘ ਉਚੇਚੇ ਤੌਰ ਤੇ ਹਾਜਰ ਰਹੇ। ਇਸ ਮੌਕੇ ਐੱਸਐੱਮਓ ਡਾ. ਗਾਂਧੀ ਨੇ ਦੱਸਿਆ ਕਿ ਇਹ ਵੈਕਸੀਨ 14 ਤੋਂ 15 ਸਾਲ ਤੱਕ ਦੀਆਂ ਲੜਕੀਆਂ ਦੇ ਲਗਾਈ ਜਾ ਰਹੀ ਹੈ ਅਤੇ ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਐੱਚ ਪੀ ਵੀ ਵਾਇਰਸ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ ਅਤੇ ਜੇਕਰ ਸਹੀ ਉਮਰ ਵਿੱਚ ਇਹ ਟੀਕਾਕਰਨ ਕਰਵਾ ਲਿਆ ਜਾਵੇ, ਤਾਂ ਇਸ ਕੈਂਸਰ ਦੇ ਖ਼ਤਰੇ ਨੂੰ ਲਗਭਗ 90 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਡਾ ਵਿਕਰਮ ਸਿੰਘ ਨੇ ਅਪੀਲ ਕੀਤੀ ਕਿ ਮਾਪੇ ਬਿਨਾਂ ਕਿਸੇ ਡਰ ਜਾਂ ਅਫਵਾਹ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਵੈਕਸੀਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਡਾ. ਗਾਂਧੀ ਨੇ ਬਲਾਕ ਅਧੀਨ ਸਮੂਹ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਸਮੂਹ ਨਾਗਰਿਕਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਰਮੇਸੀ ਅਫਸਰ ਗੁਰਦੀਪ ਸਿੰਘ, ਸੀਐਚਓ ਵਿਨੋਦ ਕੁਮਾਰ, ਏਐਨਐਮ ਪਰਮਜੀਤ ਕੌਰ ਸਮੇਤ ਬੱਚੀਆਂ ਦੇ ਮਾਪੇ ਤੇ ਹੋਰ ਸਟਾਫ ਹਾਜਰ ਸੀ।