ਗੁਲਾਬੀ ਸੂੰਡੀ ਦੇ ਹਮਲੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ
ਗੁਲਾਬੀ ਸੂੰਡੀ ਦੇ ਪ੍ਰਕੋਪ ਨੂੰ ਰੋਕਣ ਲਈ ਕਿਸਾਨਾਂ ਨੁੰ ਕਿਤਾ ਜਾਗਰੂਕ
Publish Date: Wed, 04 Feb 2026 04:33 PM (IST)
Updated Date: Wed, 04 Feb 2026 04:35 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਪਿੰਡ ਕੋਇਲ ਖੇੜਾ, ਸਰਕਲ ਪੰਜਕੋਸੀ, ਬਲਾਕ ਖੁਈਆਂਸਰਵਰ ਵਿਖੇ ਕਿਸਾਨਾਂ ਨੂੰ ਕਪਾਹ ਦੀ ਫਸਲ ਉਪਰ ਬਚੇ ਹੋਏ ਅਤੇ ਕੀੜਿਆਂ ਨਾਲ ਪ੍ਰਭਾਵਿਤ ਕਪਾਹ ਦੇ ਟੀਂਡੇ ਨੂੰ ਛਟੀਆਂ ਤੋਂ ਹਟਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦਾ ਮਕਸਦ ਗੁਲਾਬੀ ਸੂੰਡੀ ਦੇ ਪ੍ਰਕੋਪ ਨੂੰ ਰੋਕਣਾ ਅਤੇ ਫਸਲ ਦੀ ਸਿਹਤ ਨੂੰ ਬਰਕਰਾਰ ਰੱਖਣਾ ਸੀ। ਇਸ ਮੌਕੇ ਖੇਤੀ ਵਿਕਾਸ ਅਫ਼ਸਰ ਦਿਨੇਸ਼ ਕੁਮਾਰ ਅਤੇ ਖੇਤੀਬਾੜੀ ਉਪ-ਨਿਰੀਖਕ ਪਰਦੀਪ ਕੁਮਾਰ ਵੱਲੋਂ ਕਿਸਾਨਾਂ ਨੂੰ ਸਮਝਾਇਆ ਗਿਆ ਕਿ ਕਪਾਹ ਦੀਆਂ ਛਟੀਆਂ ਉਪਰ ਬਚੇ ਹੋਏ ਸੰਕ੍ਰਮਿਤ ਟੀਂਡੇ ਗੁਲਾਬੀ ਸੁੰਡੀ ਅਤੇ ਹੋਰ ਨੁਕਸਾਨਦਾਇਕ ਕੀੜਿਆਂ ਦੀ ਪਨਾਹ ਬਣ ਜਾਂਦੇ ਹਨ, ਜਿਸ ਨਾਲ ਅਗਲੀ ਫਸਲ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਪਾਹ ਦੀ ਫਸਲ ਤੋਂ ਬਾਅਦ ਤੁਰੰਤ ਬਚੇ ਹੋਏ ਟੀਂਡੇ ਹਟਾ ਕੇ ਨਸ਼ਟ ਕੀਤੇ ਜਾਣ। ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਕਪਾਹ ਦੇ ਟੀਂਡਿਆਂ ਨੂੰ ਟੁਕੜੇ-ਟੁਕੜੇ ਕਰਕੇ ਮਿੱਟੀ ਵਿੱਚ ਗੱਡ ਦਿੱਤਾ ਜਾਵੇ ਜਾਂ ਨਿਯਮਾਂ ਅਨੁਸਾਰ ਨਸ਼ਟ ਕੀਤਾ ਜਾਵੇ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਆਉਂਦਾ ਹੈ ਅਤੇ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜਨ ਵਿੱਚ ਮਦਦ ਮਿਲਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਜਗਦੀਸ਼ ਅਰੋੜਾ ਨੇ ਵੀ ਕਿਸਾਨਾਂ ਨੂੰ ਵਿਗਿਆਨਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਸਲ ਦੇ ਅਵਸ਼ੇਸ਼ਾਂ ਦੀ ਸਹੀ ਸੰਭਾਲ ਨਾਲ ਕੀੜਿਆਂ ਦੀ ਸੰਖਿਆ ਵਿੱਚ ਕਾਫ਼ੀ ਘਟਾਓ ਕੀਤਾ ਜਾ ਸਕਦਾ ਹੈ ਅਤੇ ਰਸਾਇਣਕ ਦਵਾਈਆਂ ਉੱਤੇ ਨਿਰਭਰਤਾ ਵੀ ਘਟਦੀ ਹੈ। ਇਹ ਸਮੂਹ ਗਤੀਵਿਧੀ ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਧਾਂਝੂ ਦੀ ਦੇਖਰੇਖ ਹੇਠ ਕਰਵਾਈ ਗਈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੀਆਂ ਸਲਾਹਾਂ ਦੀ ਪਾਲਣਾ ਕਰਨ ਅਤੇ ਸਮੇਂ-ਸਿਰ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ।