ਹਾਈ ਰਿਸਕ ਗਰਭਵਤੀਆਂ ਦਾ ਜਣੇਪੇ ਤੱਕ ਕੀਤਾ ਜਾਵੇ ਫਾਲੋਅਪ : ਡਾ. ਕਵਿਤਾ ਸਿੰਘ
ਹਾਈ ਰਿਸਕ ਗਰਭਵਤੀਆਂ ਦਾ ਜਣੇਪੇ ਤੱਕ ਕੀਤਾ ਜਾਵੇ ਨਿਯਮਿਤ ਫਾਲੋ-ਅਪ : ਡਾ.ਕਵਿਤਾ ਸਿੰਘ
Publish Date: Sat, 11 Apr 2026 04:11 PM (IST)
Updated Date: Sat, 11 Apr 2026 04:14 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਜੱਚਾ-ਬੱਚਾ ਸਿਹਤ ਸੇਵਾਵਾਂ ਪ੍ਰੋਗ੍ਰਾਮ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਲਈ ਅੱਜ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਸਬੰਧਿਤ ਸਟਾਫ਼ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਾ.ਉਪਿੰਦਰ ਸਿੰਘ ਸਹਾਇਕ ਸਿਵਲ ਸਰਜਨ, ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਵੱਖ-ਵੱਖ ਬਲਾਕਾਂ ਅਤੇ ਸਿਹਤ ਸੰਸਥਾਵਾਂ ਤੋਂ ਆਏ ਨੋਡਲ ਅਫਸਰ ਮੌਜੂਦ ਸਨ। ਇਸ ਦੌਰਾਨ ਡਾ ਕਵਿਤਾ ਸਿੰਘ ਨੇ ਕਿਹਾ ਕਿ ਮਾਤਰੀ ਮੌਤਾਂ ਦੀ ਘੋਖ ਕਰਨ ਤੋਂ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਹਨ ਕਿ ਮਾਤਰੀ ਮੌਤਾਂ ਦਾ ਮੁੱਖ ਕਾਰਨ ਹਾਈਰਿਸਕ ਪ੍ਰੈਗਨੈਂਸੀ ਹੈ। ਇਸ ਲਈ ਜਰੂਰੀ ਹੈ ਕਿ ਹਰ ਗਰਭਵਤੀ ਔਰਤ ਦੀ ਜਲਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਹਨਾਂ ਦੇ ਰੂਟੀਨ ਚੈਕਅੱਪ ਤੋਂ ਵਾਧੂ ਚੈੱਕਅਪ ਕੀਤੇ ਜਾਣ ਅਤੇ ਜਣੇਪੇ ਤੱਕ ਉਨ੍ਹਾਂ ਦਾ ਫਾਲੋਅਪ ਅਤੇ ਮੈਡੀਕਲ ਚੈੱਕਅਪ ਯਕੀਨੀ ਬਣਾਇਆ ਜਾਵੇ ਤਾਂ ਕਿ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕੇ। ਬਲਾਕ ਪੱਧਰ ਤੋਂ ਸਿਹਤ ਕਰਮੀਆਂ ਵੱਲੋਂ ਹਾਈ ਰਿਸਕ ਗਰਭਵਤੀਆਂ ਨੂੰ ਫੋਨ ਰਾਹੀਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਗਰਭਵਤੀ ਔਰਤਾਂ ਦੇ ਸਾਰੇ ਚੈੱਕਅਪ ਜਿਵੇਂ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਐੱਚ.ਬੀ., ਥਾਇਰਾਇਡ, ਹੈਪੈਟਾਇਟਸ, ਅਲਟਰਾ ਸਾਊਂਡ, ਈ.ਸੀ.ਜੀ. ਅਤੇ ਹੋਰ ਜ਼ਰੂਰੀ ਚੈੱਕਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਚੈਕ-ਅਪ ਲਈ ਆਉਣ ਵਾਲੀ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੰਤੁਲਿਤ ਤੇ ਪੋਸ਼ਟਿਕ ਖੁਰਾਕ ਬਾਰੇ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਲੱਗਣ ਵਾਲੇ ਕੈਂਪ ਦੌਰਾਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚੈਕ-ਅਪ ਯਕੀਨੀ ਬਣਾਇਆ ਜਾਵੇ ਅਤੇ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹਨ ਉਹਨਾਂ ਏਰੀਏ ਦੀ ਗਰਭਵਤੀ ਔਰਤਾਂ ਦਾ ਇੱਕ ਵਾਰ ਜਰੂਰ ਨੇੜੇ ਦੇ ਸਬ ਡਿਵੀਜ਼ਨਲ ਹਸਪਤਾਲ ਜਾਂ ਜਿਲਾ ਹਸਪਤਾਲਾਂ ਵਿੱਚ ਚੈੱਕ ਅਪ ਕਰਵਾਇਆ ਜਾਵੇ।