ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿਖੇ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ : ਵਿਧਾਇਕ ਗੋਲਡੀ
ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿਖੇ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ:ਵਿਧਾਇਕ ਗੋਲਡੀ ਕੰਬੋਜ
Publish Date: Fri, 30 Jan 2026 04:42 PM (IST)
Updated Date: Fri, 30 Jan 2026 04:46 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸ਼ਹਿਰ ਦੇ ਪ੍ਰਮੁੱਖ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਜਾਣਕਾਰੀ ਦਿੱਤੀ ਕਿ ਹੁਣ ਇਸ ਹਸਪਤਾਲ ਵਿੱਚ ਵੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਲਾਕੇ ਦੇ ਲੋਕ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣਗੇ। ਹਸਪਤਾਲ ਦੇ ਪ੍ਰਬੰਧਕ ਨਿਰਦੇਸ਼ਕ ਡਾ. ਨਿਸ਼ਾਂਤ ਪਵਾਰ ਨੇ ਵਿਧਾਇਕ ਦਾ ਸਵਾਗਤ ਕਰਦਿਆਂ ਦੱਸਿਆ ਕਿ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਹੁਣ ਇਸ ਸਕੀਮ ਤਹਿਤ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੜਕ ਹਾਦਸਿਆਂ ਅਤੇ ਹੱਡੀਆਂ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਇਲਾਜ ਇਸ ਕਾਰਡ ਰਾਹੀਂ ਬਿਨਾਂ ਕਿਸੇ ਖਰਚੇ ਦੇ ਕੀਤਾ ਜਾਵੇਗਾ। ਡਾਕਟਰ ਪਵਾਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਕਾਰਡ ਅਜੇ ਤੱਕ ਨਹੀਂ ਬਣਿਆ ਹੈ, ਤਾਂ ਹਸਪਤਾਲ ਦੀ ਟੀਮ ਉਸ ਨੂੰ ਕਾਰਡ ਬਣਵਾਉਣ ਦੀ ਪ੍ਰਕਿਰਿਆ ਵਿੱਚ ਪੂਰੀ ਮਦਦ ਕਰੇਗੀ ਤਾਂ ਜੋ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹੇ। ਵਿਧਾਇਕ ਗੋਲਡੀ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਅਜੇ ਤੱਕ ਆਪਣੇ ਬੀਮਾ ਕਾਰਡ ਨਹੀਂ ਬਣਵਾਏ ਹਨ, ਉਹ ਜਲਦੀ ਤੋਂ ਜਲਦੀ ਬਣਵਾ ਲੈਣ। ਇਸ ਦੇ ਲਈ ਕੱਲ੍ਹ ਤੋਂ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।