ਸਿਰਫ਼ ਛੋਟੇ ਬੱਚਿਆਂ ਦਾ ਹੀ ਨਹੀਂ ਸਗੋਂ ਵੱਡੀ ਉਮਰ ਤੱਕ ਵੀ ਸੰਪੂਰਨ ਟੀਕਾਕਰਣ ਜ਼ਰੂਰੀ
ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਰਾਸ਼ਟਰੀ ਟੀਕਾਕਰਨ ਦਿਵਸ ਸਬੰਧੀ ਜਾਗਰੂਕ ਕੀਤਾ।
Publish Date: Mon, 16 Mar 2026 05:35 PM (IST)
Updated Date: Mon, 16 Mar 2026 05:37 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਅਤੇ ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਣ ਅਫ਼ਸਰ ਦੀ ਪ੍ਰਧਾਨਗੀ ਵਿੱਚ ਸਾਰਿਆਂ ਲਈ ਟੀਕਾਕਰਨ ਮਨੁੱਖੀ ਤੌਰ ਤੇ ਸੰਭਵ ਹੈ ਥੀਮ ਹੇਠ ਰਾਸ਼ਟਰੀ ਟੀਕਾਕਰਣ ਦਿਵਸ ਸਬੰਧੀ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਡਾ. ਉਪਿੰਦਰ ਸਹਾਇਕ ਸਿਵਲ ਸਰਜਨ, ਡਾ. ਰਾਜਵੀਰ ਕੰਬੋਜ, ਡਾ. ਅੰਜਲੀ ਸ਼ਰਮਾ, ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਪ੍ਰਭਜੋਤ ਕੌਰ, ਸਟਾਫ਼ ਹਾਜ਼ਰ ਸਨ। ਇਸ ਸਮੇਂ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਹਰ ਸਾਲ 16 ਮਾਰਚ ਨੂੰ ਫਰੰਟਲਾਈਨ ਸਿਹਤ ਕਰਮਚਾਰੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਨ, ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਅਤੇ ਹਰ ਬੱਚੇ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਰਾਸ਼ਟਰੀ ਟੀਕਾਕਰਣ ਦਿਵਸ ਭਾਰਤ ਵਿੱਚ ਪਲਸ ਪੋਲੀਓ ਟੀਕਾਕਰਣ ਪ੍ਰੋਗ੍ਰਾਮ ਦੀ ਸ਼ੁਰੂਆਤ ਦੀ ਯਾਦ ਵਿੱਚ ਸ਼ੁਰੂ ਹੋਇਆ। 16 ਮਾਰਚ 1995 ਨੂੰ ‘ਓਰਲ ਪੋਲੀਓ’ ਦੀ ਪਹਿਲੀ ਖੁਰਾਕ ਵੱਡੇ ਪੱਧਰ ’ਤੇ ਦਿੱਤੀ ਗਈ ਸੀ। ਟੀਕਾਕਰਨ ਤੁਹਾਡੇ ਸਰੀਰ ਦਾ ਸਿਖਲਾਈ ਕੇਂਦਰ ਹੈ, ਜੋ ਤੁਹਾਡੇ ਇਮਿਊਨ ਸਿਸਟਮ ਨੂੰ ਬਿਮਾਰੀਆਂ ਨੂੰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪਛਾਣਨ ਅਤੇ ਹਰਾਉਣ ਲਈ ਸਿਖਾਉਂਦਾ ਹੈ। ਹੁਣ 28 ਫਰਵਰੀ ਤੋਂ 14 ਤੋਂ 15 ਸਾਲ ਤੱਕ ਦੀਆਂ ਕੁੜੀਆਂ ਲਈ ਭਾਰਤ ਵਿੱਚ ਇੱਕ ਵੱਡੀ ਸਫਲਤਾ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦੇ ਕੈਂਸਰ) ਦੀ ਰੋਕਥਾਮ ਲਈ ਟੀਕਾ ਸ਼ੁਰੂ ਕੀਤਾ ਗਿਆ ਹੈ। ਜ਼ਿਆਦਾਤਰ ਮਾਪੇ ਆਪਣੇ ਬੱਚੇ ਦੇ ਟੀਕਾਕਰਨ ਚਾਰਟ ਪ੍ਰਤੀ ਸੰਜੀਦਾ ਹੁੰਦੇ ਹਨ ਅਤੇ ਸਮੇਂ ਸਿਰ ਟੀਕਾਕਰਣ ਕਰਵਾਉ਼ਂਦੇ ਹਨ, ਪਰ ਬੱਚਿਆਂ ਦੇ ਵੱਡੇ ਹੋਣ ਦੇ ਨਾਲ-ਨਾਲ ਜਾਗਰੂਕਤਾ ਅਕਸਰ ਘੱਟ ਜਾਂਦੀ ਹੈ। ਉਹਨਾਂ ਕਿਹਾ ਕਿ ਟੀਕਾਕਰਣ ਕਰ ਸਿਰਫ਼ ਛੋਟੇ ਬੱਚਿਆਂ ਦਾ ਹੀ ਨਹੀਂ ਕੀਤਾ ਜਾਂਦਾ ਬਲਕਿ ਵੱਡੀ ਉਮਰ ਤੱਕ ਵੀ ਸੰਪੂਰਨ ਟੀਕਾਕਰਣ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਗਰਭਵਤੀ ਨੂੰ ਨਿਯਮਿਤ ਟੀਕਾਕਰਣ ਸੂਚੀ ਅਨੁਸਾਰ ਟੀਕਾਕਰਣ ਕਰਵਾਉਣ ਅਤੇ ਆਪਣੀ 14 ਸਾਲਾਂ ਦੀ ਲੜਕੀਆਂ ਨੂੰ ਨਵੀਂ ਸ਼ੁਰੂ ਕੀਤੀ ਵੈਕਸੀਨ ਐਚ ਪੀ ਵੀ ਦਾ ਟੀਕਾਕਰਣ ਜਰੂਰ ਕਰਵਾਉਣ।