ਵਿਕਾਸ ਯੋਜਨਾਵਾਂ ਬਣਾਉਂਦੇ ਸਮੇਂ ਜ਼ਮੀਨੀ ਹਕੀਕਤਾਂ ਨੂੰ ਧਿਆਨ ’ਚ ਰੱਖਣਾ ਜ਼ਰੂਰੀ : ਜਿਆਣੀ
ਵਿਕਾਸ ਯੋਜਨਾਵਾਂ ਬਣਾਉਂਦੇ ਸਮੇਂ ਜਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ:ਜਿਆਣੀ
Publish Date: Mon, 16 Mar 2026 06:38 PM (IST)
Updated Date: Mon, 16 Mar 2026 06:40 PM (IST)
ਕਪਿਲ ਜਸੂਜਾ.ਪੰਜਾਬੀ ਜਗਰਣ ਫਾਜ਼ਿਲਕਾ : ਦੁਕਾਨਦਾਰਾਂ ਵੱਲੋਂ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਸਾਬਕਾ ਕੈਬਿਨੇਟ ਮੰਤਰੀ ਤੇ ਭਾਜਪਾ ਆਗੂ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਜਦੋਂ ਵੀ ਕੋਈ ਵਿਕਾਸੀ ਕੰਮ ਸ਼ੁਰੂ ਹੁੰਦਾ ਹੈ ਤਾਂ ਸ਼ੁਰੂ ਵਿੱਚ ਉਸ ਦਾ ਵਿਰੋਧ ਹੁੰਦਾ ਹੈ ਪਰ ਬਾਅਦ ਵਿੱਚ ਉਸ ਦੀਆਂ ਸੁਵਿਧਾਵਾਂ ਲੋਕਾਂ ਲਈ ਵੱਡਾ ਲਾਭ ਸਾਬਤ ਹੁੰਦੀਆਂ ਹਨ। ਜਿਆਣੀ ਨੇ ਦੱਸਿਆ ਕਿ ਜਦੋਂ ਸ਼ਹਿਰ ਵਿੱਚ ਭਾਜਪਾ ਦੀ ਨਗਰ ਕੌਂਸਲ ਸੀ ਤਾਂ ਨਵੇਂ ਬਸ ਸਟੈਂਡ ਲਈ ਬਣਾਏ ਗਏ ਨਕਸ਼ੇ ਵਿੱਚ ਵਰਕਸ਼ਾਪ ਅਤੇ ਪੈਟਰੋਲ ਪੰਪ ਦੀ ਵੀ ਵਿਵਸਥਾ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਕਾਂਗਰਸ ਦੇ ਸਮੇਂ ਬਣੇ ਨਕਸ਼ੇ ਵਿੱਚ ਵਰਕਸ਼ਾਪ ਅਤੇ ਪੰਪ ਨੂੰ ਹਟਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਹਲਕੇ ਅੰਦਾਜ਼ ਵਿੱਚ ਚੁਟਕੀ ਲੈਂਦੇ ਹੋਏ ਕਿਹਾ ਕਿ ਨਵੇਂ ਨਕਸ਼ੇ ਵਿੱਚ ਇੱਕ ਪੈਲੇਸ ਵੀ ਦਰਸਾਇਆ ਗਿਆ ਹੈ, ਜਦਕਿ ਉਹ ਹਕੀਕਤ ਵਿੱਚ ਅਜੇ ਤੱਕ ਬਣਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਜ਼ਿਆਦਾਤਰ ਲੋਕ ਮੋਟਰਸਾਈਕਲਾਂ ਰਾਹੀਂ ਆਉਂਦੇ-ਜਾਂਦੇ ਹਨ ਅਤੇ ਜੋ ਲੋਕ ਬਸ ਰਾਹੀਂ ਆਉਂਦੇ ਹਨ ਉਹਨਾਂ ਵਿੱਚੋਂ ਵੀ ਕਾਫੀ ਲੋਕ ਬਸ ਸਟੈਂਡ ਦੇ ਨੇੜੇ ਖਰੀਦਦਾਰੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਵਿਕਾਸ ਯੋਜਨਾਵਾਂ ਬਣਾਉਂਦੇ ਸਮੇਂ ਜਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਵਧੀਆ ਸੁਵਿਧਾਵਾਂ ਮਿਲ ਸਕਣ।