ਸਰਕਾਰੀ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਸੌਂਪਿਆ
ਸਰਕਾਰੀ ਹਸਪਤਾਲ ਹੁਣ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਸੌਂਪਿਆ ਗਿਆ
Publish Date: Fri, 20 Feb 2026 03:35 PM (IST)
Updated Date: Fri, 20 Feb 2026 03:36 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਇਲਾਕੇ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦਾ ਪ੍ਰਬੰਧ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਨੂੰ ਸੌਂਪ ਦਿੱਤਾ ਹੈ। ਇਸ ਫੈਸਲੇ ਨਾਲ ਹਸਪਤਾਲ ਨੂੰ ਉੱਚ ਪੱਧਰੀ ਚਿਕਿਤਸਾ ਸਹੂਲਤਾਂ ਅਤੇ ਮੈਡੀਕਲ ਸਿੱਖਿਆ ਨਾਲ ਜੋੜਨ ਦੀ ਪ੍ਰਕਿਰਿਆ ਆਧਿਕਾਰਿਕ ਤੌਰ ‘ਤੇ ਸ਼ੁਰੂ ਹੋ ਗਈ ਹੈ। ਯੂਨੀਵਰਸਿਟੀ ਵੱਲੋਂ ਨਿਯੁਕਤ ਹਸਪਤਾਲ ਇੰਚਾਰਜ ਡਾ. ਏ.ਜੇ.ਐਸ. ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਅਧੁਨਿਕ ਮੋਡਿਊਲਰ ਓਪਰੇਸ਼ਨ ਥੀਏਟਰ ਸਥਾਪਿਤ ਕੀਤਾ ਜਾਵੇਗਾ। ਇਸ ਓਪਰੇਸ਼ਨ ਥੀਏਟਰ ਵਿੱਚ ਲੈਪ੍ਰੋਸਕੋਪੀ ਤਕਨੀਕ ਰਾਹੀਂ ਸਰਜਰੀ ਦੀ ਸਹੂਲਤ ਉਪਲਬਧ ਹੋਵੇਗੀ। ਇਸ ਨਾਲ ਮਰੀਜ਼ਾਂ ਨੂੰ ਘੱਟ ਚੀਰਾ, ਘੱਟ ਦਰਦ ਅਤੇ ਤੇਜ਼ੀ ਨਾਲ ਠੀਕ ਹੋਣ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਜਟਿਲ ਸਰਜਰੀ ਲਈ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਵੱਲ ਜਾਣਾ ਪੈਂਦਾ ਸੀ, ਪਰ ਨਵੀਂ ਵਿਵਸਥਾ ਨਾਲ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਹੀ ਉੱਚ ਦਰਜੇ ਦਾ ਇਲਾਜ ਮਿਲ ਸਕੇਗਾ। ਡਾ. ਬਾਵਾ ਨੇ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਜਲਦ ਹੀ ਸੀਟੀ ਸਕੈਨ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਹਾਦਸਿਆਂ, ਦਿਮਾਗੀ ਦੌਰੇ (ਸਟ੍ਰੋਕ), ਟਿਊਮਰ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਜਾਂਚ ਤੇਜ਼ੀ ਨਾਲ ਸੰਭਵ ਹੋਵੇਗੀ। ਐਮਰਜੈਂਸੀ ਹਾਲਾਤਾਂ ਵਿੱਚ ਇਹ ਸਹੂਲਤ ਜੀਵਨ ਰੱਖਿਆ ਸਾਬਤ ਹੋਵੇਗੀ ਅਤੇ ਮਰੀਜ਼ਾਂ ਨੂੰ ਸਮੇਂ ‘ਤੇ ਸਹੀ ਇਲਾਜ ਮਿਲੇਗਾ। ਡਾ. ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦੇ ਅਨੁਸਾਰ ਹਸਪਤਾਲ ਨੂੰ ਸਿਰਫ਼ ਇਲਾਜ ਕੇਂਦਰ ਤੱਕ ਸੀਮਿਤ ਨਹੀਂ ਰੱਖਿਆ ਜਾਵੇਗਾ, ਬਲਕਿ ਇਸਨੂੰ ਮੈਡੀਕਲ ਸਿੱਖਿਆ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਪੋਸਟ ਗ੍ਰੈਜੂਏਸ਼ਨ (ਪੀਜੀ) ਅਤੇ ਡੀਐਨਬੀ (ਡਿਪਲੋਮੈਟ ਆਫ ਨੈਸ਼ਨਲ ਬੋਰਡ) ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨਾਲ ਇਲਾਕੇ ਵਿੱਚ ਵਿਸ਼ੇਸ਼ਗਿਆ ਡਾਕਟਰਾਂ ਦੀ ਉਪਲਬਧਤਾ ਵਧੇਗੀ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਬਦਲਾਅ ਤੋਂ ਬਾਅਦ ਹਸਪਤਾਲ ਵਿੱਚ ਸਰੋਤਾਂ ਦਾ ਵਿਸਥਾਰ, ਆਧੁਨਿਕ ਉਪਕਰਣਾਂ ਦੀ ਉਪਲਬਧਤਾ ਅਤੇ ਮਾਹਰ ਡਾਕਟਰਾਂ ਦੀ ਨਿਯੁਕਤੀ ਯਕੀਨੀ ਬਣਾਈ ਜਾਵੇਗੀ। ਭਵਿੱਖ ਵਿੱਚ ਇੱਥੇ ਸੁਪਰ ਸਪੈਸ਼ਲਟੀ ਸੇਵਾਵਾਂ ਸ਼ੁਰੂ ਕਰਨ ਦੀ ਵੀ ਯੋਜਨਾ ਹੈ, ਜਿਸ ਨਾਲ ਇਹ ਹਸਪਤਾਲ ਪੂਰੇ ਇਲਾਕੇ ਲਈ ਇੱਕ ਮੁੱਖ ਸਿਹਤ ਕੇਂਦਰ ਬਣ ਸਕੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਯੂਨੀਵਰਸਿਟੀ ਦੇ ਅਧੀਨ ਆਉਣ ਨਾਲ ਹਸਪਤਾਲ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ, ਗੁਣਵੱਤਾ ਅਤੇ ਬਿਹਤਰ ਪ੍ਰਬੰਧਨ ਸੁਨਿਸ਼ਚਿਤ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਜਲਾਲਾਬਾਦ ਦਾ ਸਰਕਾਰੀ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਕੇ ਪੂਰੇ ਖੇਤਰ ਦੇ ਮਰੀਜ਼ਾਂ ਲਈ ਭਰੋਸੇ ਅਤੇ ਰਾਹਤ ਦਾ ਕੇਂਦਰ ਬਣੇਗਾ।