ਸਰਕਾਰੀ ਹਾਈ ਸਕੂਲ ਕੇਰੀਆ ਨੇ ਦਾਖ਼ਲਿਆਂ ਸਬੰਧੀ ਕੱਢੀ ਜਾਗਰੂਕਤਾ ਰੈਲੀ
ਸਰਕਾਰੀ ਹਾਈ ਸਕੂਲ ਕੇਰੀਆ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ
Publish Date: Sat, 14 Feb 2026 04:11 PM (IST)
Updated Date: Sat, 14 Feb 2026 04:15 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੇਰੀਆ ਵੱਲੋਂ ਨਵੇਂ ਵਿਦਿਅਕ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਅਤੇ ਮਾਪਿਆਂ ਨੂੰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਦਾਖਲਾ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨਾ ਸੀ। ਸਕੂਲ ਦੀ ਮੁੱਖ ਅਧਿਆਪਕਾ ਰਜਨੀ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਅਧਿਆਪਕਾ ਰਜਨੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਅੱਜ ਦੇ ਸਮੇਂ ਦੌਰਾਨ ਆਧੁਨਿਕ ਸਹੂਲਤਾਂ, ਸਮਾਰਟ ਕਲਾਸਰੂਮ ਅਤੇ ਉੱਚ ਯੋਗਤਾ ਪ੍ਰਾਪਤ ਸਟਾਫ਼ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਮਿਡ-ਡੇਅ ਮੀਲ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਹੱਥਾਂ ਵਿੱਚ ਸਿੱਖਿਆ ਨਾਲ ਸਬੰਧਤ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਸਰਕਾਰੀ ਸਕੂਲ-ਸਭ ਤੋਂ ਵਧੀਆ ਸਕੂਲ ਦੇ ਨਾਅਰੇ ਲਗਾਉਂਦੇ ਹੋਏ ਪੂਰੇ ਪਿੰਡ ਦੀ ਪਰਿਕਰਮਾ ਕੀਤੀ। ਅਧਿਆਪਕਾਂ ਨੇ ਘਰ-ਘਰ ਜਾ ਕੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀ ਮਿਆਰੀ ਸਿੱਖਿਆ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਬਲਾਕ ਰਿਸੋਰਸ ਪਰਸਨ ਪ੍ਰਵੀਨ ਅੰਗੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਕੂਲ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਰੈਲੀਆਂ ਨਾਲ ਆਮ ਲੋਕਾਂ ਵਿੱਚ ਸਰਕਾਰੀ ਸਿੱਖਿਆ ਪ੍ਰਤੀ ਭਰੋਸਾ ਵਧਦਾ ਹੈ। ਰੈਲੀ ਨੂੰ ਸਫਲ ਬਣਾਉਣ ਵਿੱਚ ਸਮੂਹ ਸਟਾਫ਼ ਮੈਂਬਰਾਂ ਜਿਨ੍ਹਾਂ ਵਿੱਚ ਅਸ਼ਵਨੀ ਕੁਮਾਰ, ਸਵਰਨ ਸਿੰਘ, ਵਿਜੇ ਕੁਮਾਰ, ਮੇਹਰਬਾਨ, ਸੁੱਖਵਿੰਦਰ ਸਿੰਘ, ਸੋਨੀਆ, ਹਰਿਦਰ, ਜਸਵੀਰ ਅਤੇ ਸੀਮਾ ਸ਼ਾਮਲ ਸਨ, ਨੇ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਦਾ ਦਾਖਲਾ ਸਰਕਾਰੀ ਹਾਈ ਸਕੂਲ ਕੇਰੀਆ ਵਿੱਚ ਕਰਵਾਉਣ।