ਸ਼ਾਰਟ ਸਰਕਟ ਕਾਰਨ ਚਾਰ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਸ਼ਾਰਟ ਸਰਕਟ ਕਾਰਨ ਚਾਰ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
Publish Date: Sun, 19 Apr 2026 03:41 PM (IST)
Updated Date: Sun, 19 Apr 2026 03:45 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤ-ਪਾਕਿ ਸਰਹੱਦ ਨਾਲ ਲਗਦੇ ਪਿੰਡ ਪੱਕਾ ਚਿਸ਼ਤੀ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਦੋ ਕਿਸਾਨ ਭਰਾਵਾਂ ਦੀ ਚਾਰ ਏਕੜ ਕਣਕ ਨੂੰ ਪਲਾਂ ਵਿੱਚ ਹੀ ਤਬਾਹ ਕਰ ਦਿੱਤਾ। ਪੀੜਤ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਅੱਦ ਇੰਨੀ ਭਿਆਨਕ ਹੋ ਗਈ ਕਿ ਉਨ੍ਹਾਂ ਦੇ ਖੇਤ ਵਿੱਚ ਕਣਕ ਦਾ ਇੱਕ ਵੀ ਦਾਣਾ ਨਹੀਂ ਬਚਿਆ। ਇਸ ਦੁਖਦਾਈ ਸਥਿਤੀ ਨੂੰ ਦੇਖ ਕੇ, ਪਿੰਡ ਵਾਸੀਆਂ ਨੇ ਇੱਕਜੁੱਟ ਹੋ ਕੇ ਲਗਭਗ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਇਕੱਠੀ ਕੀਤੀ ਅਤੇ ਪ੍ਰਭਾਵਿਤ ਪਰਿਵਾਰ ਨੂੰ ਸੌਂਪੀ। ਨੇੜਲੇ ਕਿਸਾਨ ਗੁਰਚਰਨ ਸਿੰਘ ਦੀ ਵੀ ਇਸੇ ਅੱਗ ਵਿੱਚ ਲਗਭਗ ਚਾਰ ਕਨਾਲ ਕਣਕ ਦੀ ਫ਼ਸਲ ਤਬਾਹ ਹੋ ਗਈ। ਸਰਪੰਚ ਸੁਖਦੇਵ ਸਿੰਘ ਨੇ ਪ੍ਰਸ਼ਾਸਨ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਬਾਰਡਰ ਰੋਡ ’ਤੇ ਬਣ ਰਹੇ ਫਲਾਈਓਵਰ ਕਾਰਨ ਰੇਲਵੇ ਫਾਟਕ ਬੰਦ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਸਮੇਂ ਸਿਰ ਨਹੀਂ ਪਹੁੰਚ ਸਕੀ। ਜੇਕਰ ਸੜਕ ਖੁੱਲ੍ਹੀ ਹੁੰਦੀ ਤਾਂ ਨੁਕਸਾਨ ਘੱਟ ਹੋ ਸਕਦਾ ਸੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਉੱਚੀਆਂ ਕੀਤੀਆਂ ਜਾਣ, ਫਲਾਈਓਵਰ ਦਾ ਰਸਤਾ ਜਲਦੀ ਖੋਲ੍ਹਿਆ ਜਾਵੇ ਅਤੇ ਅੱਗ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।