ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
Publish Date: Sun, 22 Feb 2026 04:34 PM (IST)
Updated Date: Sun, 22 Feb 2026 04:36 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਹਲਕੇ ਦੇ ਪਿੰਡ ਚੱਕ ਪੁੰਨਾਵਾਲਾ ਉਰਫ਼ ਖਲਚੀਆਂ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਇੱਕ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ। ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਮਾਰਗਦਰਸ਼ਨ ਹੇਠ ਪਿੰਡ ਦੇ ਖਿਡਾਰੀਆਂ ਨੂੰ ਕ੍ਰਿਕਟ ਕਿੱਟਾਂ ਵੰਡੀਆਂ ਗਈਆਂ। ਜ਼ਿਕਰਯੋਗ ਹੈ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਲੰਬੇ ਸਮੇਂ ਤੋਂ ਖੇਡ ਸਮਾਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਵਿਧਾਇਕ ਵੱਲੋਂ ਇਹ ਕਿੱਟ ਭੇਜੀ ਗਈ। ਕਾਂਗਰਸ ਆਗੂ ਰਾਮਦੇਵ ਜੋਸਨ ਨੇ ਵਿਸ਼ੇਸ਼ ਤੌਰ ਤੇ ਪਿੰਡ ਪਹੁੰਚ ਕੇ ਨੌਜਵਾਨਾਂ ਨੂੰ ਇਹ ਕ੍ਰਿਕਟ ਕਿੱਟ ਸੌਂਪੀ। ਇਸ ਮੌਕੇ ਖੇਡ ਕਿੱਟ ਪ੍ਰਾਪਤ ਕਰਨ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਦੇ ਚਿਹਰਿਆਂ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਖਿਡਾਰੀਆਂ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਰਾਮਦੇਵ ਜੋਸਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਦਦ ਨਾਲ ਉਨ੍ਹਾਂ ਨੂੰ ਆਪਣੀ ਖੇਡ ਨੂੰ ਹੋਰ ਬਿਹਤਰ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਮਦੇਵ ਜੋਸਨ ਨੇ ਕਿਹਾ ਕਿ ਰਮਿੰਦਰ ਸਿੰਘ ਆਵਲਾ ਹਮੇਸ਼ਾ ਹੀ ਨੌਜਵਾਨਾਂ ਦੇ ਭਲਕੇ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਖੇਡਾਂ ਜਾਂ ਕਿਸੇ ਹੋਰ ਖੇਤਰ ਵਿੱਚ ਪਿੰਡ ਦੇ ਨੌਜਵਾਨਾਂ ਨੂੰ ਜੋ ਵੀ ਲੋੜ ਹੋਵੇਗੀ, ਉਹ ਉਸ ਨੂੰ ਪੂਰਾ ਕਰਨ ਲਈ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਰਮਿੰਦਰ ਸਿੰਘ ਆਵਲਾ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ।