- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣਤੰਤਰ ਦਿਵਸ ਦੇ ਮੱਦੇਨਜ਼ਰ ਚਲਦਿਆ ਫਾਜ਼ਿਲਕਾ ਪੁਲਿਸ ਨੇ ਨਾਕਾਬੰਦੀ ਕਰ ਵਾਹਨਾਂ ਦੀ ਜਾਂਚ ਕੀਤੀ

ਜ਼ਿਲ੍ਹਾ ਫਾਜ਼ਿਲਕਾ ’ਚ ਪੁਲਿਸ ਨੇ ਸਿਟੀ ਸੀਲਿੰਗ ਪਲਾਨ ਕੀਤਾ ਲਾਗੂ
ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ,ਫਾਜ਼ਿਲਕਾ :ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਿਟੀ ਸੀਲਿੰਗ ਪਲਾਨ ਲਾਗੂ ਕੀਤਾ ਗਿਆ।ਇਸ ਓਪਰੇਸ਼ਨ ਦੌਰਾਨ ਜ਼ਿਲ੍ਹੇ ਦੇ ਸਾਰੇ ਥਾਣਾ ਖੇਤਰਾਂ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਤਸਦੀਕ ਕੀਤੀ ਗਈ ਅਤੇ ਬਿਨਾਂ ਪਛਾਣ ਵਾਲੇ ਤੇ ਸ਼ੱਕੀ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਨਾਕਿਆਂ ’ਤੇ ਡੀਐੱਸਪੀ ਅਤੇ ਐੱਸਐੱਚਓ ਵਲੋਂ ਨਾਕਿਆਂ ਤੇ ਤਾਇਨਾਤ ਰਹੇ।ਪੁਲਿਸ ਫੋਰਸ ਵੱਲੋਂ ਭੀੜ ਵਾਲੀਆਂ ਅਤੇ ਪ੍ਰਮੁੱਖ ਥਾਵਾਂ ’ਤੇ ਮਜ਼ਬੂਤ ਪੁਲਿਸ ਮੌਜੂਦਗੀ ਯਕੀਨੀ ਬਣਾਈ ਗਈ। ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਗਈ। ਬਿਨਾਂ ਨੰਬਰ ਅਤੇ ਬਿਨਾਂ ਕਾਗਜ਼ਾਤ ਵਾਲੇ ਵਾਹਨਾਂ ਦੇ ਚਾਲਾਨ ਕੀਤੇ ਗਏ। ਓਪਰੇਸ਼ਨ ਦੌਰਾਨ ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐੱਸਐੱਸਪੀ ਗੁਰਮੀਤ ਸਿੰਘ ਵੱਲੋਂ ਨਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਇਨ੍ਹਾਂ ਨਾਕਿਆਂ ਤੇ ਤਾਇਨਾਤ ਫੋਰਸ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਾਅ ਲਈ ਪੁਲਿਸ ਪੂਰੀ ਤਰ੍ਹਾਂ ਸੁਚੇਤ ਅਤੇ ਤਿਆਰ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਨਾਕਾਬੰਦੀ, ਪੈਟਰੋਲਿੰਗ ਅਤੇ ਚੈਕਿੰਗ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸਮਾਗਮ ਸਥਲਾਂ ’ਤੇ ਐਂਟੀ-ਸੈਬੋਟਾਜ ਚੈਕਿੰਗ ਅਤੇ ਡੌਗ ਸਕੁਆਡ ਦਸਤੇ ਤਾਇਨਾਤ ਰਹਿਣਗੇ।
ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੌਰਾਨ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ ਅਤੇ ਸਮਾਜ ਵਿਰੋਧੀ ਤੱਤਾਂ ’ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪ੍ਰਬੰਧ ਸੁਚਾਰੂ ਬਣਾਏ ਰੱਖਣ ਲਈ ਟ੍ਰੈਫਿਕ ਪੁਲਿਸ ਨੂੰ ਵੀ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਸੂਚਨਾ ਤੁਰੰਤ ਨੇੜਲੇ ਥਾਣੇ ਜਾਂ ਪੁਲਿਸ ਹੈਲਪਲਾਈਨ ’ਤੇ ਦੇਣ। ਉਨ੍ਹਾਂ ਦੋਹਰਾਇਆ ਕਿ ਫਾਜ਼ਿਲਕਾ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।ਇਸ ਓਪਰੇਸ਼ਨ ਦਾ ਮਕਸਦ ਆਉਣ ਵਾਲੇ ਗਣਤੰਤਰ ਦਿਵਸ ਦੌਰਾਨ ਮਾੜੇ ਅਨਸਰਾਂ ਤੇ ਨਕੇਲ ਕੱਸਣਾ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਜਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਲੋਕ ਬਿਨਾਂ ਕਿਸੇ ਡਰ ਤੋਂ ਗਣਤੰਤਰ ਦਿਵਸ ਮਨਾ ਸਕਣ।