ਫਾਜ਼ਿਲਕਾ ਪੁਲਿਸ ਦੀ ਵੱਡੀ ਸਫਲਤਾ : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਚੜ੍ਹੇ ਅੜਿੱਕੇ
ਫ਼ਾਜ਼ਿਲਕਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹਾਈਵੇਅ 'ਤੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਕਾਰ ਅਤੇ ਮੋਬਾਈਲ ਖੋਹਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮਹਿਜ਼ ਕੁਝ ਹੀ ਘੰਟਿਆਂ ਵਿੱਚ ਕਾਰਵਾਈ ਕਰਦਿਆਂ ਨਾ ਸਿਰਫ਼ ਮੁਲਜ਼ਮਾਂ ਨੂੰ ਕਾਬੂ ਕੀਤਾ, ਸਗੋਂ ਖੋਹੀ ਗਈ ਵੈਗਨਰ ਕਾਰ ਅਤੇ ਮੋਬਾਈਲ ਵੀ ਬਰਾਮਦ ਕਰ ਲਿਆ ਹੈ।
Publish Date: Fri, 27 Feb 2026 04:12 PM (IST)
Updated Date: Fri, 27 Feb 2026 04:15 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫ਼ਾਜ਼ਿਲਕਾ : ਫ਼ਾਜ਼ਿਲਕਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹਾਈਵੇਅ 'ਤੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਕਾਰ ਅਤੇ ਮੋਬਾਈਲ ਖੋਹਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮਹਿਜ਼ ਕੁਝ ਹੀ ਘੰਟਿਆਂ ਵਿੱਚ ਕਾਰਵਾਈ ਕਰਦਿਆਂ ਨਾ ਸਿਰਫ਼ ਮੁਲਜ਼ਮਾਂ ਨੂੰ ਕਾਬੂ ਕੀਤਾ, ਸਗੋਂ ਖੋਹੀ ਗਈ ਵੈਗਨਰ ਕਾਰ ਅਤੇ ਮੋਬਾਈਲ ਵੀ ਬਰਾਮਦ ਕਰ ਲਿਆ ਹੈ।
ਐਸ.ਐਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸਿਰਸਾ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਨੇ ਥਾਣਾ ਬਹਾਵ ਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਸੁਸ਼ੀਲ ਅਨੁਸਾਰ, 26 ਫਰਵਰੀ ਦੀ ਰਾਤ ਕਰੀਬ 10 ਵਜੇ ਜਦੋਂ ਉਹ ਆਪਣੀ ਵੈਗਨਰ ਕਾਰ (HR 26 AP 4848) ਵਿੱਚ ਸਿਰਸਾ ਤੋਂ ਅਬੋਹਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ, ਤਾਂ ਸੀਤੋ-ਅਬੋਹਰ ਹਾਈਵੇਅ 'ਤੇ ਪਿੰਡ ਸੁਖਚੈਨ ਨੇੜੇ ਪੰਜ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਾਰ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
ਪੁਲਿਸ ਦੀ ਤੁਰੰਤ ਕਾਰਵਾਈ
ਸੂਚਨਾ ਮਿਲਦਿਆਂ ਹੀ ਫ਼ਾਜ਼ਿਲਕਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਤਫ਼ਤੀਸ਼ ਸ਼ੁਰੂ ਕੀਤੀ। ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਸਾਰੇ ਪੰਜਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ:
ਰਵੀ (23) ਪੁੱਤਰ ਰਿਸ਼ਪਾਲ, ਵਾਸੀ ਅਬੋਹਰ।
ਰਮੇਸ਼ (20) ਪੁੱਤਰ ਸੁਭਾਸ਼ ਕੁਮਾਰ, ਵਾਸੀ ਰਾਏਪੁਰਾ।
ਸੋਨੂੰ (20) ਪੁੱਤਰ ਓਮ ਪ੍ਰਕਾਸ਼, ਵਾਸੀ ਖੈਰਪੁਰ।
ਸੁਨੀਲ ਨਾਥ (18) ਪੁੱਤਰ ਬਲਰਾਜ, ਵਾਸੀ ਕੁਲਾਰ।
ਸੰਜੈ (18) ਪੁੱਤਰ ਸ਼ਿਵਰਾਜ, ਵਾਸੀ ਖੈਰਪੁਰ।
ਕਾਨੂੰਨੀ ਕਾਰਵਾਈ
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਬਹਾਵ ਵਾਲਾ ਵਿਖੇ ਮੁਕੱਦਮਾ ਨੰਬਰ 30, ਬੀ.ਐਨ.ਐਸ. (BNS) ਦੀ ਧਾਰਾ 310 (2) ਅਤੇ 395 ਤਹਿਤ ਮਾਮਲਾ ਦਰਜ ਕੀਤਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।