ਪਿੰਡ ਮੁਹੰਮਦ ਪੀਰਾ ਵਿਖੇ ਫਾਜ਼ਿਲਕਾ ਪੁਲਿਸ ਜਾਗਰੂਕਤਾ ਸੈਮੀਨਾਰ ਲਗਾਇਆ
ਪਿੰਡ ਮੁਹੰਮਦ ਪੀਰਾ ਵਿਖੇ ਫਾਜ਼ਿਲਕਾ ਪੁਲਿਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ
Publish Date: Fri, 24 Apr 2026 05:43 PM (IST)
Updated Date: Fri, 24 Apr 2026 05:46 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਤੇ ਵਾਰ ਅਗੇਂਸਟ ਗੈਂਗਸਟਰ ਮੁਹਿੰਮ ਤਹਿਤ ਪਿੰਡ ਮੁਹੰਮਦ ਪੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਐੱਸਐੱਸਪੀ ਗੁਰਮੀਤ ਸਿੰਘ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੇ ਗੈਂਗਸਟਰ ਕਲਚਰ ਨਾਲ ਜੁੜੇ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ। ਸਰਹੱਦੀ ਇਲਾਕਾ ਹੋਣ ਦੇ ਨਾਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸੁਚੇਤ ਕੀਤਾ ਗਿਆ ਕਿ ਨਸ਼ਾ ਤਸਕਰ ਅਤੇ ਗੈਂਗਸਟਰ ਆਪਣੇ ਨਿੱਜੀ ਹਿੱਤਾਂ ਲਈ ਉਨ੍ਹਾਂ ਨੂੰ ਝੂਠੇ ਲਾਲਚ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਪੁਲਿਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਕਿਸੇ ਵੀ ਲਾਲਚ ਜਾਂ ਸੰਪਰਕ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਨੂੰ ਪੜ੍ਹਾਈ ਤੇ ਸਕਾਰਾਤਮਕ ਕੰਮਾਂ ਵਿੱਚ ਲਗਾਉਣ। ਇਸ ਮੌਕੇ ਫਾਜ਼ਿਲਕਾ ਪੁਲਿਸ ਨੇ ਲੋਕਾਂ ਦੀ ਸਹਾਇਤਾ ਲਈ ਜਾਰੀ ਕੀਤੀਆਂ ਗਈਆਂ ਵਿਸ਼ੇਸ਼ ਹੈਲਪਲਾਈਨਾਂ, ਜਿਵੇਂ ਕਿ ਸੈਫ਼ ਪੰਜਾਬ ਹੈਲਪਲਾਈਨ ਅਤੇ ਐਂਟੀ ਗੈਂਗਸਟਰ ਹੈਲਪਲਾਈਨ ਬਾਰੇ ਵੀ ਜਾਗਰੂਕ ਕੀਤਾ। ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਨਸ਼ਾ ਤਸਕਰੀ ਹੁੰਦੀ ਹੈ, ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਰਕਾਰੀ ਰਿਹੈਬਿਲਿਟੇਸ਼ਨ ਸੈਂਟਰਾਂ ਅਤੇ ਓਅਟ ਕਲੀਨਿਕਾਂ ਰਾਹੀਂ ਮਿਲਣ ਵਾਲੀ ਮੁਫ਼ਤ ਸਹਾਇਤਾ ਅਤੇ ਇਲਾਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਨਗਰ ਨਿਵਾਸੀਆਂ ਨੂੰ ਇਸ ਜੰਗ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਅਤੇ ਅਪਰਾਧ ਦਾ ਖਾਤਮਾ ਸਿਰਫ਼ ਪੁਲਿਸ ਅਤੇ ਜਨਤਾ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ। ਫਾਜ਼ਿਲਕਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਕਿ ਆਓ, ਅਸੀਂ ਸਭ ਮਿਲ ਕੇ ਇਸ ਮੁਹਿੰਮ ਨੂੰ ਮਜ਼ਬੂਤ ਬਣਾਈਏ ਅਤੇ ਆਪਣੇ ਜ਼ਿਲ੍ਹੇ ਨੂੰ ਇੱਕ ਸੁਰੱਖਿਅਤ ਅਤੇ ਨਸ਼ਾ-ਮੁਕਤ ਖੇਤਰ ਵਜੋਂ ਸਥਾਪਿਤ ਕਰੀਏ।