Fazilka News : ਫਾਜ਼ਿਲਕਾ ਜ਼ਿਲ੍ਹੇ 'ਚ ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ, ਵਾਢੀ ਤੋਂ ਪਹਿਲਾਂ ਕਿਸਾਨ ਚਿੰਤਤ
ਮੰਗਲਵਾਰ ਦੁਪਹਿਰ ਨੂੰ ਫਾਜ਼ਿਲਕਾ ਜ਼ਿਲ੍ਹੇ ਅੰਦਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਇਸ ਨਾਲ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ। ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਪੱਕਣ ਲਈ ਤਿਆਰ ਹੈ ਅਤੇ ਵਾਢੀ ਸ਼ੁਰੂ ਹੋਣ ਵਾਲੀ ਹੈ।
Publish Date: Tue, 31 Mar 2026 05:33 PM (IST)
Updated Date: Tue, 31 Mar 2026 05:36 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਪਿਛਲੇ ਕੁਝ ਦੀਨਾ ਹੋ ਮੌਸਮ ਨੇ ਕਰਵਟ ਲਈ ਹੈ ਜਿਸ ਨਾਲ ਦਿਨ ਵੇਲੇ ਗਰਮੀ ਅਤੇ ਰਾਤ ਨੂੰ ਠੰਢ ਹੁੰਦੀ ਹੈ। ਮੰਗਲਵਾਰ ਦੁਪਹਿਰ ਨੂੰ ਫਾਜ਼ਿਲਕਾ ਜ਼ਿਲ੍ਹੇ ਅੰਦਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਇਸ ਨਾਲ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ। ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਪੱਕਣ ਲਈ ਤਿਆਰ ਹੈ ਅਤੇ ਵਾਢੀ ਸ਼ੁਰੂ ਹੋਣ ਵਾਲੀ ਹੈ। ਮੰਗਲਵਾਰ ਦੁਪਹਿਰ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਚਾਨਕ ਮੌਸਮ ਬਦਲ ਗਿਆ।
ਕਾਲੇ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ। ਇੱਕ ਪਲ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ। ਨੇੜਲੇ ਕਈ ਪਿੰਡਾਂ ਵਿੱਚ ਵੀ ਗੜੇਮਾਰੀ ਹੋਈ, ਜਿਸ ਕਾਰਨ ਕੁਝ ਪਿੰਡ ਸੁੱਕੇ ਪਏ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਾਜੀਤਪੁਰ ਕੱਟਿਆਂਵਾਲੀ, ਬੱਲੂਆਣਾ, ਗੱਦਾ ਡੋਬ ਅਤੇ ਢਾਣੀ ਚਿਰਾਗ ਪਿੰਡਾਂ ਵਿੱਚ ਗੜੇਮਾਰੀ ਦਾ ਭਾਰੀ ਨੁਕਸਾਨ ਹੋਇਆ।
ਬਰਸਾਤ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਚਿੰਤਤ
ਕਿਸਾਨ ਇਨਕਲਾਬ ਸਿੰਘ ,ਬੂਟਾ ਸਿੰਘ ,ਗੁਰਤੇਜ ਸਿੰਘ ,ਰਾਜ ਕੁਮਾਰ ਸੰਦੀਪ ਕੰਬੋਜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਅੰਦਰ ਬਰਸਾਤ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਚਿੰਤਤ ਹਨ, ਕਿਉਂਕਿ ਕੁਝ ਦਿਨਾਂ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗੜੇਮਾਰੀ ਫ਼ਸਲਾਂ ਨੂੰ ਨਹੀਂ, ਸਗੋਂ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਖੇਤਰ ਦੇ ਕਿਸਾਨ ਪਿਛਲੇ ਸਾਲ ਦੌਰਾਨ ਹੋਏ ਫਸਲਾਂ ਦੇ ਨੁਕਸਾਨ ਤੋਂ ਹਜੇ ਨਹੀਂ ਉਭਰੇ ਹਨ।ਬਹੁਤ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਮੀਂਹ ਅਤੇ ਗੜੇਮਾਰੀ ਜਾਰੀ ਰਹੀ ਤਾਂ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਹੋਵੇਗਾ।
ਕਿਸਾਨਾਂ ਵੱਲੋਂ ਸਰਕਾਰ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਇਸ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਸਾਲ ਭਰ ਦੀ ਮਿਹਨਤ ਇਸ ਤਰ੍ਹਾਂ ਦੇ ਮੌਸਮ ਨਾਲ ਬਰਬਾਦ ਹੋ ਜਾਂਦੀ ਹੈ, ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ’ਤੇ ਸਿੱਧਾ ਅਸਰ ਪੈਂਦਾ ਹੈ।