ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਆਦਮਕੱਦ ਬੁੱਤ ਦਾ ਉਦਘਾਟਨ
ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਮੌਕੇ ਫਾਜ਼ਿਲਕਾ ਵਿਧਾਇਕ ਵੱਲੋਂ ਆਦਮਕੱਦ ਬੁੱਤ ਦਾ ਉਦਘਾਟਨ
Publish Date: Wed, 15 Apr 2026 04:06 PM (IST)
Updated Date: Wed, 15 Apr 2026 04:09 PM (IST)
ਰਮਨ ਕੁਮਾਰ .ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਅਬੋਹਰ ਰੋਡ ‘ਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਆਦਮਕੱਦ ਬੁੱਤ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਮੈਡਮ ਖੁਸ਼ਬੂ ਸਵਨਾ ਵੀ ਮੌਜੂਦ ਰਹੀ। ਵਿਧਾਇਕ ਸਵਨਾ ਨੇ ਕਿਹਾ ਕਿ ਇਹ ਆਦਮਕੱਦ ਬੁੱਤ ਮਿਸ਼ਨ ਪ੍ਰਚਾਰ ਸਭਾ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਨੇ ਮਿਸ਼ਨ ਪ੍ਰਚਾਰ ਸਭਾ ਦੇ ਚੇਅਰਮੈਨ ਇੰਦਰਮੋਹਨ ਪਟਵਾਰੀ, ਪ੍ਰਧਾਨ ਪਾਲਾ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਚੌਂਕ ਦੇ ਨਿਰਮਾਣ ਲਈ ਸਰਕਾਰ ਵੱਲੋਂ ਗਰਾਂਟ ਜਾਰੀ ਕੀਤੀ ਗਈ ਸੀ, ਜਿਸ ਨਾਲ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਾਇਆ ਗਿਆ। ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਵਿਧਾਇਕ ਸਵਨਾ ਨੇ ਕਿਹਾ ਕਿ ਡਾ. ਅੰਬੇਡਕਰ ਉੱਚ ਕੋਟੀ ਦੇ ਵਿਦਵਾਨ, ਕਾਨੂੰਨੀ ਮਾਹਿਰ, ਮਹਾਨ ਅਰਥਸ਼ਾਸਤਰੀ, ਸਮਾਜ ਸੁਧਾਰਕ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਦੱਬੇ-ਕੁਚਲੇ ਅਤੇ ਪਿੱਛੜੇ ਵਰਗਾਂ ਨੂੰ ਸਮਾਜ ਵਿੱਚ ਸਨਮਾਨਯੋਗ ਸਥਾਨ ਦਿਵਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ।ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਅਤੇ ਪਤਵੰਤੇ ਹਾਜ਼ਰ ਸਨ।