ਬਿਜਲੀ ਤੇ ਬੀਜ ਬਿੱਲ ਖ਼ਿਲਾਫ਼ ਸਰਹੱਦੀ ਪਿੰਡਾਂ ’ਚ ਕੱਢਿਆ ਮੋਟਰਸਾਈਕਲ ਮਾਰਚ
ਬਿਜਲੀ ਤੇ ਬੀਜ ਬਿੱਲ ਖ਼ਿਲਾਫ਼ ਕਿਸਾਨਾਂ ਨੇ ਸਰਹੱਦੀ ਪਿੰਡਾਂ ਵਿੱਚ ਕੱਢਿਆ ਮੋਟਰਸਾਈਕਲ ਮਾਰਚ
Publish Date: Tue, 06 Jan 2026 05:28 PM (IST)
Updated Date: Tue, 06 Jan 2026 05:29 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਬਿਜਲੀ ਬਿੱਲ ਤੇ ਬੀਜ ਬਿੱਲ 2025 ਖਿਲਾਫ਼ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਸਰਹੱਦੀ ਪਿੰਡਾਂ ਵਿੱਚ ਬੀ ਕੇ ਯੂ (ਉਗਰਾਹਾਂ )ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਕੀਤਾ ਗਿਆ।ਜਿਸ ਵਿੱਚ ਹੜ੍ਹ ਪੀੜਿਤ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮਾਰਚ ਦੀ ਅਗਵਾਈ ਉਗਰਾਹਾਂ ਜਥੇਬੰਦੀ ਦੇ ਸਥਾਨਕ ਆਗੂਆਂ ਬਲਜੀਤ ਬਰਾੜ ਕੋਕਰੀ,ਮਨਜੀਤ ਸਿੰਘ ਘੱਟਿਆਵਾਲੀ, ਗੁਰਵਿੰਦਰ ਸਿੰਘ ਸੰਘਾ ਚੱਕ ਜਾਨੀ ਸਰ,ਚਰਨਜੀਤ ਸਿੰਘ ਬਰਾੜ ਪਿੰਡ ਜੰਡਵਾਲਾ, ਤੇ ਗੁਰਮੇਲ ਸਿੰਘ ਮਾਹੂਆਣਾ ਨੇ ਕੀਤੀ। ਮੋਟਰ ਸਾਈਕਲ ਮਾਰਚ ਦੌਰਾਨ ਗੁਲਾਬਾਂ ਭੈਣੀ, ਢਾਣੀ ਸੱਦਾ ਸਿੰਘ ਰੇਤੇ ਵਾਲੀ ਭੈਣੀ, ਝੰਗੜ ਭੈਣੀ, ਗੱਟੀ ਨੰਬਰ 1,ਮਹਾਤਮ ਨਗਰ, ਲਾਭ ਸਿੰਘ ਭੈਣੀ, ਦੋਨਾ ਨਾਨਕਾ ,ਚੱਕ ਰੁਹੇਲਾ ,ਤੇਜਾ ਰਹੇਲਾ, ਮੌਜਮ , ਸਲੇਮ ਸ਼ਾਹ,ਗਾਗਨਕੇ, ਗੰਜੂ ਹਸਤਾ ਸ਼ਮਸ਼ਾ ਬਾਦ ਆਦਿ ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਇਹ ਦੋਵੇਂ ਬਿੱਲ ਲੋਕ ਵਿਰੋਧੀ ਹਨ। ਜਿਹੜੇ ਕਿਸਾਨਾਂ, ਮਜ਼ਦੂਰਾਂ ਨੂੰ ਮਿਲਣ ਵਾਲੀਆਂ ਤੁੱਛ ਸਹੂਲਤਾਂ ਨੂੰ ਵੀ ਖ਼ਤਮ ਕਰ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਅਸਲ ਵਿੱਚ ਬਿਜਲੀ ਨੂੰ ਮੁੰਕਮਲ ਤੌਰ ਤੇ ਕਾਰਪੋਰੇਟ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ। ਜਿਸ ਨਾਲ ਮਹਿੰਗੀ ਬਿਜਲੀ ਸਪਲਾਈ ਕਰਕੇ ਕਿਸਾਨੀ ਨੂੰ ਕੰਗਾਲ ਕਰਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪੀਆਂ ਜਾ ਸਕਣ। ਕਿਸਾਨ ਆਗੂਆਂ ਨੇ ਬੀਜ ਬਿੱਲ ਬਾਰੇ ਬੋਲਦਿਆਂ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤਾਂ ਵਿੱਚ ਬੀਜਣ ਲਈ ਮਹਿੰਗਾ, ਮਾੜਾ ਤੇ ਮਨ ਮਰਜ਼ੀ ਦਾ ਬੀਜ ਸਪਲਾਈ ਕਰਕੇ ਕਿਸਾਨਾਂ ਤੋਂ ਰੋਟੀ ਰੋਜ਼ੀ ਖੋਹਣਾ ਚਾਹੁੰਦੀ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਨੂੰ ਭਖਾਉਣ ਲਈ ਹਰ ਕਿਸਾਨ ਦੇ ਘਰ ਤੱਕ ਪਹੁੰਚ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋਵਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 16 ਜਨਵਰੀ ਨੂੰ ਫ਼ਾਜ਼ਿਲਕਾ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਦੀ ਸਫ਼ਲਤਾ ਲਈ ਪਿੰਡ ਪਿੰਡ ਮੀਟਿੰਗਾਂ, ਮਾਰਚ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।