ਕਣਕ ਦੀ ਫ਼ਸਲ ਦਾ ਪੀਲੀ ਕੂੰਗੀ ਬਿਮਾਰੀ ਤੋਂ ਬਚਾਅ ਕਰਨ ਕਿਸਾਨ
ਕਣਕ ਦੀ ਫ਼ਸਲ ਮੌਸਮ ਵਿੱਚ ਨਮੀ ਅਤੇ ਰਾਤ ਦੇ ਸਮੇਂ ਠੰਢੇ ਤਾਪਮਾਨ ਕਾਰਨ ਪੀਲੀ ਕੂੰਗੀ ਬਿਮਾਰੀ ਤੋਂ ਬਚਾਵ ਕਰਨ ਕਿਸਾਨ
Publish Date: Tue, 03 Feb 2026 04:50 PM (IST)
Updated Date: Tue, 03 Feb 2026 04:53 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਪੀਲੀ ਕੂੰਗੀ ਤੋਂ ਬਚਾਅ ਲਈ ਕਣਕ ਦੀ ਫ਼ਸਲ ਦਾ ਨਿਰੀਖਣ ਕਰੋ।ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕਣਕ ਦੀ ਫ਼ਸਲ ਟਿੱਲਰਿੰਗ ਤੋਂ ਬਾਲੀ ਨਿਕਾਸ ਦੇ ਦਰਮਿਆਨੇ ਦੌਰ ਵਿੱਚ ਹੈ। ਮੌਸਮ ਵਿੱਚ ਨਮੀ ਅਤੇ ਰਾਤ ਦੇ ਸਮੇਂ ਠੰਢੇ ਤਾਪਮਾਨ ਕਾਰਨ ਕਣਕ ਦੀ ਫ਼ਸਲ ਵਿੱਚ ਪੀਲੀ ਕੂੰਗੀ ਬਿਮਾਰੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਪੀਲੀ ਕੁੰਗੀ ਦੇ ਲੱਛਣਾਂ ਵਿੱਚ ਪੱਤਿਆਂ ਉੱਤੇ ਲੰਮੀ ਰੇਖਾ ਵਿੱਚ ਸੰਤਰੀ-ਪੀਲੇ ਰੰਗ ਦੇ ਪਾਊਡਰ ਵਰਗੇ ਧੱਬੇ ਬਣ ਜਾਂਦੇ ਹਨ। ਇਹ ਧੱਬੇ ਛੂਹਣ ਤੇ ਉਂਗਲਾਂ ਤੇ ਪੀਲਾ ਰੰਗ ਛੱਡਦੇ ਹਨ, ਜੋ ਕਿ ਬਿਮਾਰੀ ਦੀ ਮੁੱਖ ਪਛਾਣ ਹੈ। ਠੰਢੇ ਅਤੇ ਨਮੀ ਵਾਲੇ ਮੌਸਮ ਵਿੱਚ ਇਹ ਕਣਕ ਦੇ ਖੇਤਾਂ ਵਿੱਚ ਤੇਜ਼ੀ ਨਾਲ ਫੈਲਦੀ ਹੈ। ਜੇ ਸਮੇਂ ਸਿਰ ਇਸ ਬਿਮਾਰੀ ’ਤੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਫ਼ਸਲ ਦੀ ਪੈਦਾਵਾਰ ਅਤੇ ਗੁਣਵੱਤਾ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨਿਗਰਾਨੀ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਕਣਕ ਦੀ ਫ਼ਸਲ ਦੀ ਨਿਯਮਿਤ ਜਾਂਚ ਕਰਨ ਖਾਸ ਤੌਰ ਤੇ ਜਨਵਰੀ-ਫਰਵਰੀ ਵਿੱਚ।ਉਨ੍ਹਾਂ ਕਿਹਾ ਕਿ ਕਿਸਮਾਂ 752 ਵਰਗੀਆਂ ਰੋਧਕ ਕਿਸਮਾਂ ਦੀ ਚੋਣ ਕੀਤੀ ਜਾਵੇ।ਜਿਵੇਂ ਹੀ ਪੀਲੀ ਕੂੰਗੀ ਦੇ ਲੱਛਣ ਨਜ਼ਰ ਆਉਣ, ਤੁਰੰਤ ਸਿਫ਼ਾਰਸ਼ੀ ਫ਼ਫੂੰਦਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਪੀਲੀ ਕੁੰਗੀ ਦਿਖਾਈ ਦਿੰਦੇ ਹੀ ਟਿਲਟ 25 ਈਸੀ (ਪ੍ਰੋਪੀਕੋਨਾਜ਼ੋਲ) 200 ਮਿ.ਲੀ.200 ml ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਜਾਂ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਤਾਕਤ 75 ਡਬਲਯੂ ਪੀ (ਕੈਪਤਾਨ ਹੈਕਸਾਕੋਨਾਜੋਲ) ਜਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ 200 ਮਿਲੀਲੀਟਰ ਉਪੇਰਾ 18.3 ਐਸ ਈ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਤੀ ਏਕੜ ਛਿੜਕਾਅ ਕਰੋ।ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਬੇਲੋੜੀ ਦਵਾਈਆਂ ਦੇ ਛਿੜਕਾਅ ਤੋਂ ਬਚਣ ਅਤੇ ਸਿਰਫ਼ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਹੀ ਵਰਤਣ। ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਤਕਨੀਕੀ ਸਹਾਇਤਾ ਲਈ ਕਿਸਾਨ ਆਪਣੇ ਨਜ਼ਦੀਕੀ ਬਲਾਕ ਖੇਤੀਬਾੜੀ ਦਫ਼ਤਰ ਜਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।