ਐੱਮਆਰ ਕਾਲਜ ਵਿਖੇ ਬੀਏ ਫਾਈਨਲ ਨੂੰ ਦਿੱਤੀ ਵਿਦਾਇਗੀ ਪਾਰਟੀ
ਐੱਮ. ਆਰ. ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਹੋਈ
Publish Date: Wed, 08 Apr 2026 04:43 PM (IST)
Updated Date: Wed, 08 Apr 2026 04:47 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਐੱਮਆਰ ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਪ੍ਰਿੰਸੀਪਲ ਸਚਿਨ ਕਾਲੜਾ ਦੀ ਅਗਵਾਈ ਵਿੱਚ ਕਾਲਜ ਇੰਚਾਰਜ ਗੁਰਮਿੰਦਰ ਕੌਰ ਦੇ ਸਹਿਯੋਗ ਨਾਲ਼ ਸਮੂਹ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੁਆਰਾ ਬੀ.ਏ. ਭਾਗ ਤੀਜਾ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬੀ ਦੇ ਪ੍ਰੋਫ਼ੈਸਰ ਤੇ ਸ਼ਾਇਰ ਜਗਮੀਤ ਹਰਫ਼ ਨੇ ਆਪਣੀਆਂ ਗਜ਼ਲਾਂ ਦਾ ਜਾਦੂ ਬਿਖੇਰਿਆ। ਕਰਮਚਾਰੀ ਮਨੀਸ਼ ਨੇ ਆਪਣੀ ਭਾਵ ਭਿੰਨੀ ਸ਼ਾਇਰੀ ਨਾਲ਼ ਸਭ ਦਾ ਮਨ ਮੋਹ ਲਿਆ। ਐੱਮ.ਏ. ਦੀ ਵਿਦਿਆਰਥਣ ਕਰਮਪਾਲ ਦੇ ਗਾਏ ਉਦਾਸ ਗੀਤ ਨੇ ਮਾਹੌਲ ਨੂੰ ਸੰਜ਼ੀਦਗੀ ਭਰਿਆ ਬਣਾ ਦਿੱਤਾ। ਪ੍ਰੋਫ਼ੈਸਰ ਰੇਨੂ ਬਾਲਾ ਤੇ ਪ੍ਰੋਫ਼ੈਸਰ ਰੀਤੂ ਅਗਰਵਾਲ ਨੇ ਆਪਣੀ ਕਲਾਤਮਕ ਪੇਸ਼ਕਾਰੀ ਨਾਲ਼ ਸਭ ਨੂੰ ਨੂੰ ਕੀਲ ਲਿਆ। ਇਸ ਮੁਕਾਬਲੇ ਵਿੱਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਮਨੀਸ਼ ਕੰਬੋਜ ਅਤੇ ਚਾਂਦਨੀ ਨੇ ਸਮਾਰੋਹੀ ਸ਼ਖਸ਼ੀਅਤ ਦਾ ਖ਼ਿਤਾਬ ਆਪਣੇ ਨਾਮ ਕੀਤਾ। ਬੀਏ ਭਾਗ ਤੀਜਾ ਦੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਪ੍ਰੋਫ਼ੈਸਰਾਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੀ ਸ਼ਖਸ਼ੀਅਤ ਨੂੰ ਸ਼ਬਦੀਂ ਪ੍ਰਤੀਬਿੰਬਤ ਕਰਦੇ ਨਿੱਕੇ-ਨਿੱਕੇ ਯਾਦਗਾਰੀ ਚਿੰਨ ਭੇਟ ਕੀਤੇ ਗਏ। ਕਾਲਜ ਇੰਚਾਰਜ ਗੁਰਮਿੰਦਰ ਕੌਰ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਜੀਵਨ ਭਰ ਕਾਲਜ ਨਾਲ਼ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।