ਨਿਹਾਰਿਕਾ ਦੇ ਸਿਰ ਸਜਿਆ ‘ਮਿਸ ਫੇਅਰਵੈਲ’ ਦਾ ਤਾਜ
ਰੇਡੀਐਂਟ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਹੋਇਆ
Publish Date: Wed, 11 Feb 2026 04:49 PM (IST)
Updated Date: Wed, 11 Feb 2026 04:50 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਰੇਡੀਐਂਟ ਪਬਲਿਕ ਸਕੂਲ, ਮਾਹੂਆਣਾ ਬੋਦਲਾ ਦੇ ਸਕੂਲ ਕੈਂਪਸ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਬਹੁਤ ਹੀ ਉਤਸ਼ਾਹ ਅਤੇ ਭਾਵੁਕ ਮਾਹੌਲ ਵਿੱਚ ਮਨਾਇਆ ਗਿਆ। ਇਸ ਸਮਾਰੋਹ ਦਾ ਆਯੋਜਨ ਸਕੂਲ ਪ੍ਰਬੰਧਕੀ ਕਮੇਟੀ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਨ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਮਨੋਰੰਜਕ ਪ੍ਰਸਤੁਤੀਆਂ ਨਾਲ ਸਮਾਗਮ ਨੂੰ ਵਧੇਰੇ ਆਕਰਸ਼ਿਤ ਬਣਾਇਆ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਆਪਣੇ ਸਕੂਲੀ ਦਿਨਾਂ ਦੇ ਤਜਰਬੇ ਸਾਂਝੇ ਕੀਤੇ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸਮਾਰੋਹ ਦੌਰਾਨ ‘ਮਿਸਟਰ ਫੇਅਰਵੈਲ’ ਦਾ ਖਿਤਾਬ ਸਾਹਿਲ ਕੰਬੋਜ਼, “ਮਿਸ ਫੇਅਰਵੈਲ” ਦਾ ਖ਼ਿਤਾਬ ਨਿਹਾਰਿਕਾ ਅਤੇ ਆਲ ਰਾਉਂਡਰ ਦਾ ਖਿਤਾਬ ਅਰਪਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ’ਤੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀ ਸਕੂਲ ਦੀ ਸ਼ਾਨ ਹਨ ਅਤੇ ਸਾਨੂੰ ਉਮੀਦ ਹੈ ਕਿ ਉਹ ਆਪਣੇ ਜੀਵਨ ਵਿੱਚ ਉੱਚੀਆਂ ਉਡਾਣਾਂ ਭਰਨਗੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸੱਚਾਈ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਨਿਤੀ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਵਿਦਿਆਰਥੀਆਂ ਨੂੰ ਜੀਵਨ ਵਿੱਚ ਮਿਹਨਤ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸਕੂਲ ਦਾ ਮਾਣ ਹਨ ਅਤੇ ਉਹਨਾਂ ਦੀਆਂ ਉਪਲੱਬਧੀਆਂ ਨਾਲ ਸਕੂਲ ਦਾ ਨਾਮ ਹੋਰ ਰੌਸ਼ਨ ਹੋਵੇਗਾ। ਇਸ ਮੌਕੇ ਤੇ ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਵਿੱਚ ਬਿਤਾਏ ਸਮੇਂ ਦੌਰਾਨ ਨਾ ਸਿਰਫ ਪੜ੍ਹਾਈ ਵਿੱਚ ਸਫਲਤਾ ਹਾਸਿਲ ਕੀਤੀ ਹੈ, ਸਗੋਂ ਆਪਣੇ ਚੰਗੇ ਚਾਲ-ਚਲਨ ਅਤੇ ਸੰਸਕਾਰਾਂ ਨਾਲ ਵੀ ਸਭ ਦਾ ਦਿਲ ਜਿੱਤਿਆ ਹੈ। ਇਸ ਮੌਕੇ ਤੇ ਸੀਨੀਅਰ ਵਿੰਗ ਕੋਆਰਡੀਨੇਟਰ ਸੌਰਵ ਕੁੱਬਾ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਸਕੂਲ ਦੀਆਂ ਯਾਦਾਂ ਹਮੇਸ਼ਾ ਵਿਦਿਆਰਥੀਆਂ ਦੇ ਨਾਲ ਰਹਿਣਗੀਆਂ ਅਤੇ ਇਹ ਸਮਾਂ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਸੋਹਣਾ ਪੜਾਅ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਮੰਜਿਲਾਂ ਹਾਸਿਲ ਕਰਨ ਲਈ ਆਤਮ ਵਿਸ਼ਵਾਸ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਮੰਚ ਦਾ ਸੰਚਾਲਨ 12ਵੀਂ ਕਲਾਸ ਦੇ ਇੰਚਾਰਜ ਸ਼੍ਰੀ ਮਤੀ ਸੋਨੀਆ ਚਾਵਲਾ ਦੇ ਵੱਲੋਂ ਕੀਤਾ ਗਿਆ। ਇਹ ਵਿਦਾਈ ਸਮਾਰੋਹ ਖੁਸ਼ੀ ਅਤੇ ਜਜ਼ਬਾਤਾਂ ਨਾਲ ਭਰਿਆ ਹੋਇਆ, ਜਿੱਥੇ ਇਕ ਪਾਸੇ ਵਿਦਿਆਰਥੀਆਂ ਨੇ ਆਪਣੇ ਸੁਹਾਵਣੇ ਯਾਦਗਾਰ ਪਲਾਂ ਨੂੰ ਯਾਦ ਕੀਤਾ, ਉੱਥੇ ਹੀ ਦੂਜੇ ਪਾਸੇ ਨਵੇਂ ਸਫ਼ਰ ਦੀ ਸ਼ੁਰੂਆਤ ਲਈ ਉਤਸ਼ਾਹ ਵੀ ਨਜ਼ਰ ਆਇਆ। ਸਮਾਗਮ ਦੇ ਅੰਤ ਵਿੱਚ ਸਭ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਕੇ ਵਿਦਿਆਰਥੀਆਂ ਨੂੰ ਵਿਦਾ ਕੀਤਾ ਗਿਆ।