ਡਰੱਗ ਇੰਸਪੈਕਟਰ ਵੱਲੋਂ ਕੈਮਿਸਟ ਦੁਕਾਨਾਂ ਦੀ ਚੈਕਿੰਗ
ਡਰੱਗ ਇੰਸਪੈਕਟਰ ਵਲੋਂ ਕੈਮਿਸਟ ਦੁਕਾਨਾਂ ਦੀ ਚੈਕਿੰਗ ਕੀਤੀ ਗਈ ,ਪਾਬੰਦੀਸ਼ੁਦਾ ਦਵਾਈਆਂ ਬ੍ਰਾਮਦ
Publish Date: Fri, 02 Jan 2026 05:04 PM (IST)
Updated Date: Fri, 02 Jan 2026 05:05 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਡਰੱਗ ਇੰਸਪੈਕਟਰ ਵਲੋਂ ਕੈਮਿਸਟ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਡਰੱਗ ਇੰਸਪੈਕਟਰ ਰਵੀ ਗੁਪਤਾ ਵੱਲੋਂ ਘੁਬਾਇਆ ਪੁਲਿਸ ਨਾਲ ਕੀਤੀ ਇੱਕ ਸੰਯੁਕਤ ਕਾਰਵਾਈ ਦੌਰਾਨ ਜਲਾਲਾਬਾਦ ਰੋੜ ਤੇ ਭੰਬਾ ਵੱਟੂ ਵਿਖੇ ਸਥਿਤ ਕੈਮਿਸਟ ਦੁਕਾਨ ਤੇ ਛਾਪਾ ਮਾਰਿਆ ਗਿਆ। ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਫਾਜ਼ਿਲਕਾ ਰਵੀ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਰਾਜ ਦੇ ਸੁਪਨੇ ਨੂੰ ਪੂਰਾ ਕਰਨ ਦੀ ਮੁਹਿੰਮ ਹੇਠ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਤੇ ਨੱਥ ਪਾਉਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜਿਸ ਅਧੀਨ ਕੈਮਿਸਟ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਵੀ ਕੁੱਝ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਦਵਾਈਆਂ ਦੀ ਖਰੀਦ-ਵਿਕਰੀ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਦੌਰਾਨ ਹੀ ਭੰਬਾ ਵੱਟੂ ਸਥਿਤ ਇੱਕ ਕੈਮਿਸਟ ਦੁਕਾਨ ਬਿਨਾਂ ਲਾਇਸੈਂਸ ਦੇ ਪਾਈ ਗਈ। ਇਸ ਦੁਕਾਨ ਦਾ ਮਾਲਕ ਭੰਬਾ ਵੱਟੂ ਵਾਸੀ ਸੁਖਦੇਵ ਸਿੰਘ ਮੌਕੇ ਤੇ ਮੌਜੂਦ ਨਹੀਂ ਸੀ। ਛਾਪੇ ਦੌਰਾਨ ਨਸ਼ੇ ਲਈ ਵਰਤੀ ਜਾਣ ਵਾਲੀ ਪਾਬੰਦੀਸ਼ੁਦਾ ਦਵਾਈਆਂ ਪ੍ਰੇਗਾਬਲਿਨ 300 ਐਮ.ਜੀ ਦੇ 84 ਕੈਪਸੂਲ ਅਤੇ ਟ੍ਰੈਮਾਡੋਲ ਐਸ.ਆਰ ਦੀ 117 ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ ਤਹਿਤ ਕੀਤੀ ਗਈ, ਜਿਸ ਤਹਿਤ ਦੁਕਾਨ ਚਲਾਉਣ ਵਾਲੇ ਵਿਅਕਤੀ ਤੇ ਪੁਲਿਸ ਵੱਲੋਂ ਪਰਚਾ ਕੀਤਾ ਗਿਆ ਹੈ। ਇਸ ਦੌਰਾਨ ਜਾਂਚ ਟੀਮ ਵਿੱਚ ਮੌਜੂਦ ਡਰੱਗ ਫੀਲਡ ਇੰਸਪੈਕਟਰ ਅਮਨ ਕਾਲੜਾ ਨੇ ਕੈਮਿਸਟ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਸਬੰਧੀ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਪਾਬੰਦੀਸ਼ੁਦਾ ਦਵਾਈਆਂ ਨਾ ਰੱਖੀਆਂ ਜਾਣ। ਉਨ੍ਹਾਂ ਵੱਲੋਂ ਵੱਖ-ਵੱਖ ਕੈਮਿਸਟ ਦੁਕਾਨਾਂ ਵੱਲੋਂ ਕਿਹੜੀ ਕੀਮਤਾਂ ਤੇ ਮੈਡੀਸਿਨ ਦੀ ਖਰੀਦ ਅਤੇ ਵਿਕਰੀ ਕੀਤੀ ਜਾ ਰਹੀ ਹੈ, ਇਸ ਬਾਰੇ ਵੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਲਾਂ ਦੀ ਵੈਰੀਫਿਕੇਸ਼ਨ ਦੌਰਾਨ ਕੁੱਝ ਗਲਤ ਪਾਏ ਜਾਣ ਹੈ ਤੇ ਕੈਮਿਸਟ ਦੁਕਾਨਦਾਰ ਦੇ ਬੰਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਰੱਗ ਬਰਾਂਚ ਦੇ ਦਫਤਰੀ ਸਹਾਇਕ ਸੁਖਦੇਵ ਸਿੰਘ ਅਤੇ ਪੁਲਿਸ ਮੁਲਾਜਮ ਮੌਜੂਦ ਸਨ।