ਅਸੰਤੁਲਿਤ ਆਹਾਰ ਤੇ ਸਰੀਰਕ ਸ਼ਿਥਲਤਾ ਬਿਮਾਰੀਆਂ ਦਾ ਮੁੱਖ ਕਾਰਨ : ਡਾ. ਸੁਬੀਨ ਇੰਦਰ ਕੌਰ
ਮਰੀਜਾਂ ਲਈ ਉਮੀਦ ਦੀ ਕਿਰਨ ਬਣੇ ਡਾ.ਸੁਬੀਨ ਇੰਦਰ ਕੌਰ
Publish Date: Sun, 05 Apr 2026 04:45 PM (IST)
Updated Date: Sun, 05 Apr 2026 04:46 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਸਿਵਿਲ ਹਸਪਤਾਲ ਅਬੋਹਰ ਵਿਖੇ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਆਪਣੀ ਸੇਵਾਵਾਂ ਦੇ ਰਹੇ ਐੱਮਡੀ ਮੈਡੀਸਿਨ ਡਾ. ਸੁਬੀਨ ਇੰਦਰ ਕੌਰ ਇੱਥੇ ਆਉਣ ਵਾਲੇ ਮਰੀਜ਼ਾਂ ਲਈ ਇੱਕ ਉਮੀਦ ਦੀ ਕਿਰਨ ਬਣ ਕੇ ਆਏ ਹਨ। ਕਿਊਂਕਿ ਸਿਵਿਲ ਹਸਪਤਾਲ ਵਿਖੇ ਵਧੇਰੇ ਮਰੀਜਾਂ ਦੀ ਗਿਣਤੀ ਸ਼ੁਗਰ, ਬੀਪੀ, ਸਾਹ ਦੀ ਬਿਮਾਰੀ, ਦਿਲ ਦੇ ਰੋਗਾਂ ਨਾਲ ਸੰਬੰਧਤ ਅਤੇ ਹੋਰ ਕ੍ਰੋਨਿਕ ਬਿਮਾਰੀਆਂ ਆਦਿ ਮਰੀਜ਼ਾਂ ਦੀ ਹੈ। ਜ਼ਿਕਰਯੋਗ ਹੈ ਕਿ ਡਾ. ਸੁਬੀਨ ਇੰਦਰ ਕੌਰ ਬਤੌਰ ਮੈਡੀਕਲ ਅਫਸਰ ਸਿਵਿਲ ਹਸਪਤਾਲ ਅਬੋਹਰ ਵਿਖੇ ਆਰਜੀ ਤੌਰ ਤੇ ਆਪਣੀ ਸੇਵਾਵਾਂ ਦੇ ਚੁਕੇ ਹਨ ਅਤੇ ਔਰਤਾਂ ਦੇ ਐਂਟੀ ਨੇਟਲ ਕੇਅਰ ਵਿਚ ਆਪਣੀ ਭੂਮਿਕਾ ਨਿਭਾਅ ਚੁੱਕੇ ਹਨ। ਡਾ.ਸੁਬੀਨ ਇੰਦਰ ਕੌਰ ਵਲੋਂ ਮਰੀਜਾਂ ਨੂੰ ਮਿਲ ਰਹੀ ਬਿਹਤਰ ਸੇਵਾਵਾਂ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਲਗਭਗ 40 ਹਜਾਰ ਮਰੀਜਾਂ ਵਿਚੋਂ ਮੈਡੀਸਿਨ ਵਿਭਾਗ ਵੱਲੋਂ ਲਗਭਗ ਇੱਕ ਚੌਥਾਈ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਐੱਸਐੱਮਓ ਡਾ. ਸੁਰੇਸ਼ ਕੰਬੋਜ ਦੀ ਯੋਗ ਅਗਵਾਈ ਹੇਠ ਹੀ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀ ਬਿਮਾਰੀਆਂ, ਥਾਇਰਾਇਡ, ਕਿਡਨੀ, ਲੀਵਰ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਕਾਲਾ ਪੀਲੀਆ ਅਤੇ ਸੀਓਪੀਡੀ ਨਾਲ ਸੰਬੰਧਿਤ ਬਿਮਾਰੀਆਂ ਦੇ ਮਰੀਜ਼ ਜਿਆਦਾ ਆ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਟੀਬੀ ਅਤੇ ਛਾਤੀ ਦੇ ਰੋਗਾਂ ਦੇ ਮਰੀਜ਼ ਵੀ ਇਹਨਾਂ ਦਿਨਾਂ ਵਿੱਚ ਵੇਖੇ ਹਨ। ਇਹਨਾਂ ਵਿੱਚ ਜਿਆਦਾਤਰ ਮਰੀਜ਼ 40 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚ ਪੁਰਸ਼ਾਂ ਦੀ ਗਿਣਤੀ ਮਹਿਲਾਵਾਂ ਨਾਲੋਂ ਵੱਧ ਹੈ। ਉਹਨਾਂ ਦੱਸਿਆ ਕਿ ਹੁਣ ਵੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਨਜ਼ਰ ਆਉਂਦੀ ਹੈ ਕਿਉਂਕਿ ਉਹਨਾਂ ਕੋਲ ਆਉਣ ਵਾਲੇ ਮਰੀਜ਼ਾਂ ਨੂੰ ਸਹੀ ਬਿਮਾਰੀ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਅਤੇ ਉਹ ਪਹਿਲਾਂ ਤੋਂ ਹੀ ਬਿਨਾਂ ਮਾਹਿਰ ਡਾਕਟਰ ਦੀ ਸਲਾਹ ਤੋਂ ਦਵਾਈਆਂ ਲੈ ਕੇ ਆਪਣੀ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੁੰਦੇ ਹਨ, ਜੋ ਕਿ ਬਹੁਤ ਗਲਤ ਹੈ। ਡਾ.ਸੁਬੀਨ ਨੇ ਦੱਸਿਆ ਕਿ ਇਹਨਾਂ ਬਿਮਾਰੀਆਂ ਦਾ ਮੁੱਖ ਕਾਰਨ ਸਾਡੀ ਰੋਜ਼ਾਨਾ ਦੀ ਗਤੀਵਿਧੀਆਂ ਵਿਚ ਆ ਰਹੀ ਤਬਦੀਲੀ, ਜੰਕ ਫੂਡ ਦੀ ਵਧੇਰੇ ਵਰਤੋਂ ਅਤੇ ਨਾਲ ਹੀ ਮੈਦਾ ਅਤੇ ਬਾਜ਼ਾਰ ਵਿੱਚ ਮਿਲਣ ਵਾਲੇ ਹੋਰ ਗੈਰ ਸੰਤੁਲਿਤ ਭੋਜਨ ਨੂੰ ਤਰਜੀਹ ਦੇਣਾ ਹੈ, ਜਿਸ ਕਾਰਨ ਲੋਕ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੋਸ਼ਟਿਕ ਖੁਰਾਕ ਦੇ ਨਾਲ ਹੀ ਸ਼ਰੀਰਿਕ ਗਤੀਵਿਧੀਆਂ, ਕਸਰਤ, ਯੋਗਾ, ਸੈਰ ਕਰਨਾ, ਸਾਈਕਲ ਚਲਾਉਣਾ ਅਤੇ ਕੋਈ ਵੀ ਆਊਟਡੋਰ ਖੇਡ ਖੇਡਣਾ ਜਾਰੀ ਰੱਖਿਆ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਮਾਰੀਆਂ ਦੇ ਲੱਛਣਾਂ ਤੋਂ ਜਾਨੂ ਹੋਣ ਅਤੇ ਕਿਸੇ ਵੀ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹੀ ਤੁਰੰਤ ਮਾਹਿਰ ਡਾਕਟਰ ਤੋਂ ਹੀ ਸਲਾਹ ਲੈ ਕੇ ਉਸਦਾ ਇਲਾਜ ਸ਼ੁਰੂ ਕਰਨ, ਤਾਂ ਜੋ ਸਮੇਂ ਰਹਿੰਦੇ ਹੀ ਪ੍ਰਭਾਵੀ ਇਲਾਜ ਉਪਲਬਧ ਕਰਵਾਇਆ ਜਾ ਸਕੇ। ਗਰਭਵਤੀ ਔਰਤਾਂ ਲਈ ਦੁਗਣਾ ਫਾਇਦਾ : ਗਰਭਾਵਸਥਾ ਅਜਿਹੀ ਸਥਿਤੀ ਹੈ ਜਿਸ ਬਾਰੇ ਇਕ ਔਰਤ ਹੀ ਦੂਸਰੀ ਔਰਤ ਦੀ ਹਾਲਤ ਨੂੰ ਬਿਹਤਰ ਢੰਗ ਨਾਲ ਸਮਝ ਸਕਦੀ ਹੈ। ਇਸ ਲਈ ਸਿਵਿਲ ਹਸਪਤਾਲ ਵਿਚ ਜਾਂਚ ਕਰਵਾਉਣ ਆਉਣ ਵਾਲੀ ਗਰਭਵਤੀ ਔਰਤਾਂ ਖਾਸ ਤੌਰ ਤੇ ਉੱਚ ਜੋਖਮ ਗਰਭਵਤੀ ਔਰਤਾਂ ਲਈ ਐਮ.ਡੀ ਮੈਡੀਸਿਨ ਡਾਕਟਰ ਸੁਬੀਨ ਇੰਦਰ ਕੌਰ ਦੇ ਆਉਣ ਨਾਲ ਦੁਗਣਾ ਫਾਇਦਾ ਹੋਇਆ ਹੈ । ਹਰੇਕ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਲੱਗਣ ਵਾਲੇ ਵਿਸ਼ੇਸ਼ ਕੈੰਪਾਂ ਦੌਰਾਨ ਉਹਨਾਂ ਵਲੋਂ ਉੱਚ ਜੋਖਮ ਗਰਭਵਤੀ ਔਰਤਾਂ ਦੇ ਚੈੱਕ ਅਪ ਵੀ ਕੀਤੇ ਜਾਂਦੇ ਹਨ । ਡਾ.ਸੁਬੀਨ ਇੰਦਰ ਕੌਰ ਨੇ ਇਸ ਬਾਰੇ ਦਸਿਆ ਕਿ ਲੋਕਾਂ ਦੀ ਸੇਵਾ ਲਈ ਹੀ ਉਹਨਾਂ ਨੇ ਪਹਿਲਾਂ ਮੈਡੀਕਲ ਦੀ ਪੜਾਈ ਅਤੇ ਫਿਰ ਮੈਡੀਸਿਨ ਵਿਚ ਉਚੇਰੀ ਪੜਾਈ ਕੀਤੀ। ਉਹਨਾਂ ਨੇ ਆਪਣੀ ਸਰਵਿਸ ਸੀ.ਐਚ.ਸੀ ਵਹਾਬਵਾਲਾ ਵਿਖੇ ਬਤੌਰ ਮੈਡੀਕਲ ਅਫਸਰ ਸ਼ੁਰੂ ਕੀਤੀ ਸੀ। ਸਿਵਿਲ ਹਸਪਤਾਲ ਅਬੋਹਰ ਵਿਚ ਪਹਿਲਾਂ ਦਿਤੀਆਂ ਸੇਵਾਵਾਂ ਵੇਲੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਉਹ ਅਬੋਹਰ ਵਿਚ ਰਹਿ ਕਿ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸਮਰਪਿਤ ਰਹਿਣਗੇ ।