ਜਲਾਲਾਬਾਦ ਵਿਖੇ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰਧਾਲੂਆਂ ਦਾ ਧਰਨਾ
ਜਲਾਲਾਬਾਦ ਵਿਖੇ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰਧਾਲੂਆਂ ਦਾ ਧਰਨਾ
Publish Date: Tue, 10 Mar 2026 05:37 PM (IST)
Updated Date: Tue, 10 Mar 2026 05:39 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿਖੇ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਤੋਂ ਨਾਰਾਜ਼ ਲੋਕਾਂ ਨੇ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਧਰਨਾ ਦਿੱਤਾ। ਇਲਜ਼ਾਮ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੇ ਇਕ ਵਿਅਕਤੀ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਨਾ ਆਉਣ ਲਈ ਕਿਹਾ ਗਿਆ। ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਪੁਲਿਸ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਸਮੂਹ ਸ਼ਰਧਾਲੂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਧਰਨੇ ਤੇ ਬੈਠੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੇ ਲੜਕੇ ਦੀ ਮੰਗਣੀ ਸੀ, ਜਿਸ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਉਹ ਗੁਰਦੁਆਰਾ ਸਾਹਿਬ ਆਏ ਸਨ। ਇਸ ਦੌਰਾਨ ਉਕਤ ਵਿਅਕਤੀ ਨੇ ਆ ਕੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਹਿਣ ਲੱਗਾ ਕਿ ਇੱਥੇ ਅਨੰਦ ਕਾਰਜ ਨਹੀਂ ਹੋਣ ਦੇਵੇਗਾ। ਵਿਵਾਦ ਤੋਂ ਬਚਣ ਲਈ ਉਹ ਉੱਥੋਂ ਚਲੇ ਗਏ। ਦੂਜੇ ਪਾਸੇ ਪਾਠੀ ਸਾਹਿਬਾਨ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਹਨ, ਪਰ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਉਨ੍ਹਾਂ ਨਾਲ ਗੁੰਡਾਗਰਦੀ ਕਰਦਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪਿਛਲੇ ਦੋ-ਢਾਈ ਮਹੀਨਿਆਂ ਤੋਂ ਇਹੀ ਸਭ ਚੱਲ ਰਿਹਾ ਹੈ। ਪੁਲਿਸ ਤੋਂ ਕਾਰਵਾਈ ਦੀ ਮੰਗ ਮੌਕੇ ’ਤੇ ਪਹੁੰਚੇ ਰਿੰਕੂ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਭਾਈ ਸਾਹਿਬ ਗੁਰੂ ਸਾਹਿਬ ਦੀ ਸਵਾਰੀ ਸੱਚਖੰਡ ਤੋਂ ਲੈਣ ਜਾ ਰਹੇ ਸਨ ਕਿ ਉਕਤ ਵਿਅਕਤੀ ਵੱਲੋਂ ਉਨ੍ਹਾਂ ਨੂੰ ਗਲ਼ੇ ਤੋਂ ਫੜ ਲਿਆ ਗਿਆ ਅਤੇ ਬਿਨਾਂ ਵਜ੍ਹਾ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਇਸ ’ਤੇ ਨਕੇਲ ਪਾਵੇ, ਨਹੀਂ ਤਾਂ ਜੇਕਰ ਕੋਈ ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਤੋਂ ਉਕਤ ਵਿਅਕਤੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਸਿਟੀ ਥਾਣਾ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਤੋਂ ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।