ਮਹਿਲਾਵਾਂ ਦੀ ਹਿੰਮਤ ਅਤੇ ਯੋਗਦਾਨ ਨੂੰ ਸਮਰਪਿਤ ਦਿਨ : ਅੰਤਰਰਾਸ਼ਟਰੀ ਮਹਿਲਾ ਦਿਵਸ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸ਼ਹਿਰ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਸਮਾਗਮ ਕਰਵਾ ਕੇ ਮਹਿਲਾਵਾਂ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ।ਦੇਸ਼ ਭਰ ਅੰਦਰ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ।ਲੋਕ ਮਹਿਲਾ ਦੋਸਤਾਂ, ਮਾਂ, ਭੈਣ ਅਤੇ ਪਤਨੀ ਨੂੰ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ ਪਰ ਕੀ ਔਰਤਾਂ ਨੂੰ ਇਕ ਦਿਨ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਨਾਲ ਉਨ੍ਹਾਂ ਦਾ ਸਨਮਾਨ ਹੁੰਦਾ ਹੈ? ਘੂਰਦੇ ਹੋ, ਮਾਰਦੇ ਹੋ, ਜਲੀਲ ਕਰਦੇ ਹੋ, ਇੱਜਤ ਨਾਲ ਖਿਲਵਾੜ ਕਰਦੇ ਹੋ ਅਤੇ ਫਿਰ ਮਹਿਲਾ ਦਿਵਸ 'ਤੇ ਇਕ ਦਿਨ ਲਈ ਸਨਮਾਨ ਦੇਣ ਲੱਗਦੇ ਹੋ, ਨਹੀਂ ਚਾਹੀਦਾ ਹੈ ਅਜਿਹਾ ਸਨਮਾਨ। ਮਹਿਲਾਵਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਮਿਲਣ ਨਾਲ ਸਮਾਜ ਹੋਰ ਮਜ਼ਬੂਤ ਬਣਦਾ ਹੈ। ਸਮਾਗਮ ਦੌਰਾਨ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕੀਤਾ ਗਿਆ।ਔਰਤਾਂ ਇਕ ਦਿਨ ਦੇ ਸਨਮਾਨ ਦੀ ਭੁੱਖੀਆਂ ਨਹੀਂ ਹਨ, ਜੇਕਰ ਦੇਣਾ ਹੈ ਤਾਂ ਹਰ ਰੋਜ ਉਸ ਬੁਰੀ ਨਜ਼ਰ ਨੂੰ ਹਟਾਕੇ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਜੋ ਕਿ ਉਸਨੂੰ ਵੇਖਦੇ ਹੀ ਆਪਣੀ ਹਵਸ ਦੀ ਭੁੱਖ ਮਿਟਾਉਣ ਦੇ ਬਾਰੇ ਵਿਚ ਸੋਚਦੀ ਹੈ। ਭਾਰਤ ਹੀ ਨਹੀਂ ਦੁਨੀਆ ਵਿਚ ਔਰਤਾਂ ਦੇ ਨਾਲ ਅਪਰਾਧ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਔਰਤਾਂ ਦੇ ਸਨਮਾਨ ਦੀ ਇੰਨੀ ਹੀ ਫਿਕਰ ਹੈ ਤਾਂ ਉਨ੍ਹਾਂ ਨੂੰ ਬੁਰੀ ਨਜ਼ਰ ਨਾਲ ਵੇਖਣਾ ਬੰਦ ਕਰੋ, ਉਦੋਂ ਔਰਤਾਂ ਨੂੰ ਅਸਲੀ ਸਨਮਾਨ ਮਿਲੇਗਾ। ਸਾਡੇ ਗੁਰੂਆਂ ਨੇ ਔਰਤਾਂ ਨੂੰ ਮਹਾਨ ਦਰਜਾ ਦਿੱਤਾ ਹੈ। ਸਾਡੇ ਗੁਰੂਆਂ,ਮਹਾਪੁਰਸ਼ਾ ਨੇ ਕਿਹਾ ਸੀ, ਔਰਤਾਂ ਨੇ, ਦੇਸ਼-ਭਗਤਾਂ, ਸੂਰਬੀਰ ਯੋਧਿਆਂ, ਮਹਾਨ ਸ਼ਹੀਦਾਂ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਅੱਜ ਸਾਰਾ ਸੰਸਾਰ ਔਰਤਾਂ ਨੂੰ ਨਤਮਸਤਕ ਹੁੰਦਾ ਹੈ।ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਅਤੇ ਸਨਮਾਨ ਪ੍ਰਾਪਤ ਕਰਨ ਲਈ ਮਹਿਲਾਵਾਂ ਨੂੰ ਖੁਦ ਵੀ ਅੱਗੇ ਆ ਕੇ ਆਪਣੀ ਕਾਬਲੀਅਤ ਦਰਸਾਉਣੀ ਚਾਹੀਦੀ ਹੈ।ਔਰਤ ਦਿਵਸ ਤੇ ਸੰਬੰਧ ਚ ਸਰਕਾਰੀ ਅਤੇ ਸਮਾਜਿਕ ਜਿੰਮੇਵਾਰੀਆਂ ਨਿਭਾ ਰਹੀਆਂ ਔਰਤਾਂ ਤੇ ਵਿਸ਼ੇਸ਼ ਸਟੋਰੀ
ਮਹਿਲਾਵਾਂ ਸਮਾਜ ਦੀ ਤਰੱਕੀ ਦਾ ਮਜ਼ਬੂਤ ਸਤੰਭ : ਡੀਸੀ ਅਮਰਪ੍ਰੀਤ ਕੌਰ ਸੰਧੂ
ਮਹਿਲਾਵਾਂ ਸਮਾਜ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਹ ਹਰ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕਰ ਰਹੀਆਂ ਹਨ। ਇਹ ਵਿਚਾਰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਸਿੱਖਿਆ, ਸਿਹਤ, ਪ੍ਰਸ਼ਾਸਨ, ਖੇਡਾਂ ਅਤੇ ਵਪਾਰ ਸਮੇਤ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਮਹਿਲਾਵਾਂ ਦੀ ਭਾਗੀਦਾਰੀ ਤੋਂ ਬਿਨਾਂ ਸਮਾਜ ਦੀ ਤਰੱਕੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੀ ਸਸ਼ਕਤੀਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਨੂੰ ਬਰਾਬਰੀ ਦਾ ਦਰਜਾ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਹਰ ਕਿਸੇ ਨੂੰ ਮਹਿਲਾਵਾਂ ਦੀ ਇੱਜ਼ਤ ਅਤੇ ਅਧਿਕਾਰਾਂ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਸਚੇਤ ਰਹਿਣ ਅਤੇ ਹਰ ਖੇਤਰ ਵਿੱਚ ਅੱਗੇ ਵਧ ਕੇ ਆਪਣੀ ਪਛਾਣ ਬਣਾਉਣ।
ਰਿਸ਼ਤਿਆਂ ਨੂੰ ਨਿਭਾਉਂਦੀ ਆਪਣੀ ਹਸਤੀ ਨੂੰ ਭੁੱਲ ਜਾਂਦੀ ਹੈ ਔਰਤ : ਏਡੀਸੀ ਡਾ. ਮਨਦੀਪ ਕੌਰ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਮਨਦੀਪ ਕੌਰ ਨੇ ਕਿਹਾ ਕਿ ਔਰਤ ਪਰਿਵਾਰ ਅਤੇ ਸਮਾਜ ਦੇ ਹਰ ਰਿਸ਼ਤੇ ਨੂੰ ਪੂਰੀ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਕਈ ਵਾਰ ਉਹ ਇਸ ਦੌਰਾਨ ਆਪਣੀ ਖੁਦ ਦੀ ਪਹਿਚਾਣ ਅਤੇ ਹਸਤੀ ਨੂੰ ਵੀ ਭੁੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਔਰਤਾਂ ਆਪਣੇ ਹੱਕਾਂ, ਸਮਰੱਥਾ ਅਤੇ ਖੁਦ ਦੀ ਪਹਿਚਾਣ ਨੂੰ ਵੀ ਸਮਝਣ ਅਤੇ ਉਸਨੂੰ ਮਜ਼ਬੂਤ ਬਣਾਉਣ।ਉਨ੍ਹਾਂ ਨੇ ਕਿਹਾ ਕਿ ਸਮਾਜ ਦੀ ਤਰੱਕੀ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਹਰ ਖੇਤਰ ਵਿੱਚ ਔਰਤਾਂ ਆਪਣੀ ਯੋਗਤਾ ਦਾ ਪਰਚਾ ਦੇ ਰਹੀਆਂ ਹਨ। ਡਾ. ਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਤਮ ਵਿਸ਼ਵਾਸ ਅਤੇ ਸੁਤੰਤਰਤਾ ਦੀ ਸੋਚ ਦੇਣੀ ਚਾਹੀਦੀ ਹੈ, ਤਾਂ ਜੋ ਉਹ ਭਵਿੱਖ ਵਿੱਚ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਹੋਰ ਵੀ ਵੱਡਾ ਯੋਗਦਾਨ ਪਾ ਸਕਣ।
ਹਰ ਰੂਪ ‘ਚ ਮਜ਼ਬੂਤ ਔਰਤ ਸਮਾਜ ਨੂੰ ਦੇ ਰਹੀ ਨਵੀਂ ਦਿਸ਼ਾ : ਰੂਚੀ ਸਵਪਨ ਸ਼ਰਮਾ
ਔਰਤ ਸਮਾਜ ਦਾ ਅਟੁੱਟ ਹਿੱਸਾ ਹੈ ਜੋ ਆਪਣੇ ਜੀਵਨ ਵਿੱਚ ਵੱਖ-ਵੱਖ ਰੂਪਾਂ ਵਿੱਚ ਕਈ ਮਹੱਤਵਪੂਰਨ ਕਿਰਦਾਰ ਨਿਭਾਉਂਦੀ ਹੈ। ਇਹ ਗੱਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਮੈਂਬਰ ਸਕੱਤਰ ਮੈਡਮ ਰੂਚੀ ਸਵਪਨ ਸ਼ਰਮਾ ਨੇ ਕਹੀ। ਉਨ੍ਹਾਂ ਕਿਹਾ ਕਿ ਔਰਤ ਇਕ ਧੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿੱਚ ਪਰਿਵਾਰ ਅਤੇ ਸਮਾਜ ਦੀ ਮਜ਼ਬੂਤ ਨੀਂਹ ਬਣਦੀ ਹੈ। ਅੱਜ ਦੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਆਪਣੇ ਹੁਨਰ ਅਤੇ ਮਿਹਨਤ ਨਾਲ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਔਰਤਾਂ ਨੂੰ ਕਾਨੂੰਨੀ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਨ ਲਈ ਸਮੇਂ-ਸਮੇਂ ‘ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ।ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਬਾਰੇ ਜਾਗਰੂਕ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਕਾਨੂੰਨੀ ਸਹਾਇਤਾ ਲਈ ਅਥਾਰਟੀ ਨਾਲ ਸੰਪਰਕ ਕਰਨ।
ਤਰੱਕੀ ਲਈ ਮਹਿਲਾਵਾਂ ਨੂੰ ਬਰਾਬਰ ਦੇ ਮੌਕੇ ਜ਼ਰੂਰੀ : ਖੁਸ਼ਬੂ ਸਾਵਣ ਸੁੱਖਾ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ੀ ਫਾਊਂਡੇਸ਼ਨ ਦੇ ਸੰਸਥਾਪਕ ਖੁਸ਼ਬੂ ਸਾਵਣ ਸੁੱਖਾ ਸਵਨਾ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਔਰਤਾਂ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ ਅਤੇ ਸਾਨੂੰ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਵੀਕਾਰ ਕਰਕੇ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਨੂੰ ਬਰਾਬਰ ਦੇ ਮੌਕੇ ਦੇ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕੀਤਾ ਜਾਵੇ।
ਸਸ਼ਕਤੀਕਰਨ ਦਾ ਮਤਲਬ ਆਪਣੀ ਸਮਰੱਥਾ ਨਾਲ ਅੱਗੇ ਵਧਣਾ : ਇੰਸ. ਜਯੋਤੀ
ਮਰਦਾਂ ਦੇ ਬਰਾਬਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਔਰਤਾਂ ਨੂੰ ਮਰਦਾਂ ਵਰਗੀਆਂ ਬਣਨਾ ਚਾਹੀਦਾ ਹੈ। ਮਰਦਾਂ ਦੇ ਬਰਾਬਰ ਹੋਣ ਦਾ ਮਤਲਬ ਹੈ ਕਿ ਔਰਤਾਂ ਨੂੰ ਓਨਾ ਹੀ ਵਿਕਾਸ ਕਰਨਾ ਚਾਹੀਦਾ ਹੈ ਜਿੰਨਾ ਮਰਦ ਔਰਤਾਂ ਹੋਣ ਵਿੱਚ ਵਿਕਸਤ ਹੋਏ ਹਨ।ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਇੰਸਪੈਕਟਰ ਜਯੋਤੀ ਨੇ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਦਾ ਅਰਥ ਇਹ ਨਹੀਂ ਕਿ ਔਰਤਾਂ ਮਰਦਾਂ ਵਾਂਗ ਬਣ ਜਾਣ। ਇਸ ਦਾ ਅਸਲ ਮਤਲਬ ਇਹ ਹੈ ਕਿ ਜਿਵੇਂ ਮਰਦਾਂ ਨੇ ਆਪਣੇ ਹੱਕਾਂ, ਮੌਕਿਆਂ ਅਤੇ ਸ਼ਖਸੀਅਤ ਦਾ ਵਿਕਾਸ ਕੀਤਾ ਹੈ, ਉਸੇ ਤਰ੍ਹਾਂ ਔਰਤਾਂ ਨੂੰ ਵੀ ਆਪਣੇ ਨਾਰੀਪਣ, ਯੋਗਤਾ ਅਤੇ ਸਮਰੱਥਾ ਦਾ ਪੂਰਾ ਵਿਕਾਸ ਕਰਨ ਦਾ ਮੌਕਾ ਮਿਲੇ।ਅੱਜ ਸਮਾਜ ਵਿੱਚ ਇੱਕ ਵੱਡੀ ਗਲਤਫ਼ਹਮੀ ਇਹ ਵੀ ਹੈ ਕਿ ਬਰਾਬਰੀ ਲਈ ਔਰਤ ਨੂੰ ਮਰਦਾਂ ਵਾਂਗ ਸੋਚਣਾ, ਵਰਤਾਓ ਕਰਨਾ ਅਤੇ ਜੀਣਾ ਪਵੇ। ਪਰ ਸੱਚਾਈ ਇਹ ਹੈ ਕਿ ਔਰਤ ਦੀ ਆਪਣੀ ਵੱਖਰੀ ਪਹਿਚਾਣ, ਸੰਵੇਦਨਸ਼ੀਲਤਾ ਅਤੇ ਤਾਕਤ ਹੁੰਦੀ ਹੈ। ਮਰਦਾਂ ਵਰਗਾ ਬਣ ਕੇ ਆਪਣੇ ਔਰਤ ਹੋਣ ਦੇ ਅਸਤਿਤਵ ਨੂੰ ਖਤਮ ਕਰਨਾ ਸਭ ਤੋਂ ਵੱਡੀ ਸਮੱਸਿਆ ਬਣ ਸਕਦੀ ਹੈ।
ਮਹਿਲਾਵਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣਾ ਜ਼ਰੂਰੀ : ਚੂਚਰਾ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸ਼ੀਨਾ ਸਚਦੇਵਾ ਚੂਚਰਾ ਨੇ ਕਿਹਾ ਕਿ ਮਹਿਲਾਵਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣਾ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿੱਚ ਆਪਣੀ ਯੋਗਤਾ ਅਤੇ ਮਿਹਨਤ ਨਾਲ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਵਿਕਾਸ ਲਈ ਮਹਿਲਾਵਾਂ ਨੂੰ ਬਰਾਬਰ ਦੇ ਮੌਕੇ ਅਤੇ ਸਨਮਾਨ ਮਿਲਣਾ ਚਾਹੀਦਾ ਹੈ। ਮਹਿਲਾਵਾਂ ਨੂੰ ਪ੍ਰੋਤਸਾਹਿਤ ਕਰਕੇ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਵੀਕਾਰ ਕਰਕੇ ਹੀ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਸਮਾਜ ਦੀ ਰਚਨਾ ਕੀਤੀ ਜਾ ਸਕਦੀ ਹੈ।
ਮਹਿਲਾਵਾਂ ਦੀ ਹਿੰਮਤ, ਸਮਰੱਥਾ ਤੇ ਯੋਗਦਾਨ ਨੂੰ ਸਮਰਪਿਤ ਦਿਨ : ਪ੍ਰਿੰ. ਮਧੂ ਸ਼ਰਮਾ
ਅੰਤਰਰਾਸ਼ਟਰੀ ਮਹਿਲਾ ਦਿਵਸ ਮਹਿਲਾਵਾਂ ਦੀ ਹਿੰਮਤ, ਸਮਰੱਥਾ ਅਤੇ ਸਮਾਜ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਸਮਰਪਿਤ ਦਿਨ ਹੈ। ਇਹ ਗੱਲ ਪ੍ਰਿੰਸੀਪਲ ਮਧੂ ਸ਼ਰਮਾ ਨੇ ਕਹੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿੱਚ ਆਪਣੀ ਕਾਬਲਿਯਤ ਨਾਲ ਨਵੀਆਂ ਉਚਾਈਆਂ ਛੂਹ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਤਿਕਾਰ ਅਤੇ ਸਸ਼ਕਤੀਕਰਨ ਸਮੇਂ ਦੀ ਲੋੜ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਦੀ ਪ੍ਰਗਤੀ ਲਈ ਯਤਨ ਕਰਨੇ ਚਾਹੀਦੇ ਹਨ।
ਮਹਿਲਾਵਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਦਾ ਦਿਨ : ਰਿਤੂ ਭੁਸਰੀ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਹੋਲੀ ਹਾਰਟ ਡੇਡਿੰਗ ਬੋਰਡਿੰਗ ਪਬਲਿਕ ਸਕੂਲ ਪ੍ਰਿੰਸਪਿਲ ਰਿਤੁ ਭੂਸਰੀ ਨੇ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਨਾਲ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਦੀ ਮਹਿਲਾ ਘਰ ਦੇ ਨਾਲ-ਨਾਲ ਸਮਾਜਿਕ, ਸਿੱਖਿਆ ਅਤੇ ਪ੍ਰਸ਼ਾਸਕੀ ਖੇਤਰਾਂ ਵਿੱਚ ਵੀ ਅੱਗੇ ਵੱਧ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਨੂੰ ਬਰਾਬਰੀ ਦਾ ਮੌਕਾ ਅਤੇ ਸਨਮਾਨ ਦੇ ਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ।
ਨਾਰੀ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ : ਪੂਜਾ ਲੂਥਰਾ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੌਂਸਲਰ ਅਤੇ ਸਮਾਜਸੇਵੀ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਨਾਰੀ ਸਸ਼ਕਤੀਕਰਨ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ। ਮਹਿਲਾਵਾਂ ਨੂੰ ਸਿੱਖਿਆ, ਸੁਰੱਖਿਆ ਅਤੇ ਸਮਾਨ ਮੌਕੇ ਮਿਲਣ ਨਾਲ ਸਮਾਜ ਹੋਰ ਮਜ਼ਬੂਤ ਬਣ ਸਕਦਾ ਹੈ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਦੀ ਇੱਜ਼ਤ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕੀਤਾ ਜਾਵੇ।
ਨਾਰੀ ਸਿਰਫ ਘਰ ਦੀ ਸ਼ਾਨ ਨਹੀਂ, ਸਮਾਜ ਦੀ ਪਛਾਣ ਵੀ ਹੈ : ਪ੍ਰਿੰ. ਵਾਟਸ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਯੋ ਯੋ ਹੈਲੋ ਕਿਡਜ਼ ਪ੍ਰੀ ਸਕੂਲ ਪ੍ਰਿੰਸੀਪਲ ਭਾਰਤੀ ਵਾਟਸ ਨੇ ਕਿਹਾ ਕਿ ਨਾਰੀ ਸਿਰਫ ਘਰ ਦੀ ਸ਼ਾਨ ਹੀ ਨਹੀਂ, ਸਗੋਂ ਸਮਾਜ ਦੀ ਅਸਲੀ ਪਛਾਣ ਵੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਹਰ ਖੇਤਰ ਵਿੱਚ ਆਪਣੀ ਮਿਹਨਤ ਅਤੇ ਸਮਰੱਥਾ ਨਾਲ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਨੂੰ ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਦੇ ਕੇ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਕਦਮ ਵਧਾਏ ਜਾਣ।
ਮਹਿਲਾਵਾਂ ਦੀ ਕਾਮਯਾਬੀ ਨੂੰ ਸਵੀਕਾਰਨਾ ਸਾਡੀ ਸਾਂਝੀ ਜ਼ਿੰਮੇਵਾਰੀ : ਨਿਮਰਤਾ ਸੰਧੂ
ਪ੍ਰਿਸੀਪਲ ਨਿਮਰਤਾ ਸੰਧੂ ਨੇ ਮਹਿਲਾ ਦਿਵਸ ਤੇ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਵੱਲੋਂ ਹਾਸਲ ਕੀਤੀਆਂ ਕਾਮਯਾਬੀਆਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਆਪਣੀ ਯੋਗਤਾ ਅਤੇ ਹੁਨਰ ਨਾਲ ਮਕਾਮ ਹਾਸਲ ਕਰ ਰਹੀਆਂ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਮਹਿਲਾਵਾਂ ਨੂੰ ਬਰਾਬਰ ਦੇ ਮੌਕੇ ਅਤੇ ਸਹਿਯੋਗ ਮਿਲੇ ਤਾਂ ਉਹ ਸਮਾਜ ਅਤੇ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਵੱਡਾ ਯੋਗਦਾਨ ਦੇ ਸਕਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਮਿਲ ਕੇ ਕੰਮ ਕਰਨ।
ਔਰਤ ਦੀ ਤਾਕਤ ਉਸਦੀ ਆਪਣੀ ਪਛਾਣ ’ਚ ਹੈ : ਡਾ. ਕਵਿਤਾ ਸਿੰਘ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਔਰਤ ਦੀ ਅਸਲ ਤਾਕਤ ਉਸਦੀ ਆਪਣੀ ਪਛਾਣ, ਆਤਮਵਿਸ਼ਵਾਸ ਅਤੇ ਹਿੰਮਤ ਵਿੱਚ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਮਹਿਲਾਵਾਂ ਨੂੰ ਸਿੱਖਿਆ ਅਤੇ ਅੱਗੇ ਵੱਧਣ ਦੇ ਸਮਾਨ ਮੌਕੇ ਪ੍ਰਦਾਨ ਕਰਨ। ਡਾ. ਕਵਿਤਾ ਸਿੰਘ ਨੇ ਮਹਿਲਾਵਾਂ ਨੂੰ ਆਪਣੀ ਪਛਾਣ ਬਣਾਉਣ ਅਤੇ ਆਪਣੇ ਹੱਕਾਂ ਲਈ ਜਾਗਰੂਕ ਰਹਿਣ ਦਾ ਸੰਦੇਸ਼ ਵੀ ਦਿੱਤਾ।