ਜਲਾਲਾਬਾਦ ’ਚ ਅਪਰਾਧਾਂ ਦਾ ਬੋਲਬਾਲਾ, ਕਾਨੂੰਨ-ਵਿਵਸਥਾ ਫੇਲ੍ਹ : ਕਾਕਾ ਕੰਬੋਜ
ਜਲਾਲਾਬਾਦ ਵਿੱਚ ਅਪਰਾਧਾਂ ਦਾ ਬੋਲਬਾਲਾ, ਕਾਨੂੰਨ-ਵਿਵਸਥਾ ਫੇਲ੍ਹ: ਕਾਕਾ ਕੰਬੋਜ
Publish Date: Fri, 06 Feb 2026 05:26 PM (IST)
Updated Date: Fri, 06 Feb 2026 05:29 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਜ਼ਿਲ੍ਹਾ ਭਾਜਪਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਵਿੱਚ ਪਿਛਲੇ ਕੁਝ ਸਮੇਂ ਤੋਂ ਗੁੰਡਾਗਰਦੀ, ਲੁੱਟਾਂ, ਖੋਹਾਂ, ਚੋਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਸ਼ਹਿਰ ਦਾ ਵਪਾਰਕ ਮਾਹੌਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਨਾਕਾਮ ਕਾਨੂੰਨ-ਵਿਵਸਥਾ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਪੁਲਿਸ ਪ੍ਰਸ਼ਾਸਨ ਤਮਾਸ਼ਬੀਨ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਅਪਰਾਧੀ ਬੇਖੌਫ਼ ਹੋ ਕੇ ਵਾਰਦਾਤਾਂ ਕਰ ਰਹੇ ਹਨ ਅਤੇ ਪੁਲਿਸ ਦਾ ਕੱਦ ਅਪਰਾਧੀਆਂ ਅੱਗੇ ਛੋਟਾ ਪੈ ਗਿਆ ਹੈ। ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਜੇਕਰ ਤੁਰੰਤ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਰਾਤੀ ਗਸ਼ਤ ਵਧਾਈ ਜਾਵੇ, ਸੰਵੇਦਨਸ਼ੀਲ ਇਲਾਕਿਆਂ ਵਿੱਚ ਨਾਕੇ ਲਗਾਏ ਜਾਣ, ਸੀਸੀਟੀਵੀ ਕੈਮਰਿਆਂ ਦੀ ਕਾਰਗੁਜ਼ਾਰੀ ਯਕੀਨੀ ਬਣਾਈ ਜਾਵੇ ਅਤੇ ਅਪਰਾਧੀਆਂ ਖ਼ਿਲਾਫ਼ ਬਿਨਾਂ ਕਿਸੇ ਦਬਾਅ ਦੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਆਮ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਆਵਾਜ਼ ਉਠਾਉਂਦੀ ਰਹੇਗੀ ਅਤੇ ਜਲਾਲਾਬਾਦ ਨੂੰ ਅਪਰਾਧ ਮੁਕਤ ਬਣਾਉਣ ਲਈ ਹਰ ਸੰਭਵ ਸੰਘਰਸ਼ ਕੀਤਾ ਜਾਵੇਗਾ। ਜੇ ਹਾਲਾਤ ਨਾ ਸੰਭਾਲੇ ਗਏ ਤਾਂ ਭਾਜਪਾ ਲੋਕਾਂ ਦੇ ਨਾਲ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।