ਕੰਸਟਰੱਕਸ਼ਨ ਵਰਕਰਾਂ ਵੱਲੋਂ ਪ੍ਰਿੰਸੀਪਲ ਸੈਕਟਰੀ ਖਿਲਾਫ਼ ਧਰਨਾ 27 ਨੂੰ : ਯੂਨੀਅਨ
ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਵੱਲੋਂ ਪ੍ਰਿੰਸੀਪਲ ਸੈਕਟਰੀ ਖਿਲਾਫ਼ 27 ਮਾਰਚ ਨੂੰ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ
Publish Date: Fri, 20 Mar 2026 03:58 PM (IST)
Updated Date: Fri, 20 Mar 2026 04:01 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ,ਜਲਾਲਾਬਾਦ ਪੰਜਾਬ ਲੇਬਰ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਤੇ ਬਿਲਡਿੰਗ ਐਂਡ ਅੰਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੇ ਸੈਕਟਰੀ ਵੱਲੋਂ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਕਿਰਤੀਆਂ ਦੀ ਭਲਾਈ ਦੀ ਬਜਾਏ, ਉਹਨਾਂ ਦੇ ਖਿਲਾਫ਼ ਆਪ ਹੁਦਰੇ ਲਏ ਜਾ ਰਹੇ ਫੈਸਲਿਆਂ ਦਾ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਨੇ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਲੇਬਰ ਡਿਪਾਰਟਮੈਂਟ ਦੇ ਪ੍ਰਿੰਸੀਪਲ ਸਕੱਤਰ ਖਿਲਾਫ਼ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਆਨਲਾਈਨ ਹੋਈ ਸੂਬਾ ਪੱਧਰੀ ਹੰਗਾਮੀ ਮੀਟਿੰਗ ਚ ਲਏ ਗਏ ਫੈਸਲੇ ਸਬੰਧੀ ਪ੍ਰੈਸ ਦੇ ਨਾਂਅ ਜਾਰੀ ਕੀਤੇ ਬਿਆਨ ਰਾਹੀਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ, ਪ੍ਰਧਾਨ ਬੋਹੜ ਸਿੰਘ ਸੁਖਨਾ,ਮੀਤ ਪ੍ਰਧਾਨ ਇਕਬਾਲ ਸਿੰਘ ਤਖਾਣਵੱਧ,ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਟਕ ਦੇ ਜਥੇਬੰਦਕ ਸਕੱਤਰ ਸਾਥੀ ਮਨਿੰਦਰ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੇਬਰ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਬੋਰਡ ਵਿੱਚ ਨਿਯੁਕਤ ਕੀਤੇ ਹੋਏ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਨਵੇਂ ਨਿਯਮ ਬਣਾ ਕੇ ਆਪ ਹੁਦਰਾ ਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਫੈਸਲੇ ਲਏ ਜਾ ਰਹੇ ਹਨ, ਜੋ ਕਿ ਕਿਸੇ ਵੀ ਤਰ੍ਹਾਂ ਕਿਰਤੀਆਂ ਦੇ ਹੱਕ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ। ਇਸ ਕਰਕੇ ਯੂਨੀਅਨ ਵੱਲੋਂ ਪ੍ਰਿੰਸੀਪਲ ਸੈਕਟਰੀ ਖਿਲਾਫ਼ 27 ਮਾਰਚ ਦਿਨ ਸ਼ੁਕਰਵਾਰ ਨੂੰ ਚੰਡੀਗੜ੍ਹ ਸਥਿਤ ਕਿਰਤ ਭਵਨ ਸਾਹਮਣੇ ਸੂਬਾ ਪੱਧਰੀ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਦੱਸਿਆ ਕਿ ਕਿਰਤ ਵਿਭਾਗ ਵੱਲੋਂ ਐਕਸ ਗਰੇਸ਼ੀਅਆ ਸਕੀਮ ਨੂੰ ਮਨਜ਼ੂਰੀ ਨਾ ਦੇਣਾ,ਐਲਟੀਸੀ ਨੂੰ ਲਗਭਗ ਖਤਮ ਕਰਨ ਕਿਨਾਰੇ ਲੈ ਕੇ ਆਉਣਾ,ਸਰਜਰੀ ਦੇ ਬਕਾਇਆ ਰਕਮ ਨੂੰ ਸਿਹਤ ਬੀਮਾ ਨਾਲ ਜੋੜ ਕੇ ਕਿਰਤੀਆਂ ਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕਰਨਾ, ਦੇਸ਼ ਨੂੰ ਉਸਾਰਨ ਵਿੱਚ ਜ਼ਿੰਦਗੀ ਭਰ ਆਪਣੀਆਂ ਸਵਾਵਾਂ ਦੇਣ ਵਾਲੇ ਕਿਰਤੀਆਂ ਨੂੰ ਪੈਨਸ਼ਨ ਦੇਣ ਲਈ ਵੱਖ-ਵੱਖ ਸਮਾਂ ਸ੍ਰੇਣੀਆਂ ਵਿੱਚ ਵੰਡ ਕੇ ਪੈਨਸ਼ਨ ਨੂੰ ਘਟਾ ਕੇ ਦੇਣ ਦਾ ਫੈਸਲਾ ਕਰਨਾ ਕਿਰਤੀਆਂ ਤੇ ਵੱਡਾ ਆਰਥਿਕ ਹਮਲਾ ਹੈ।