- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਜਰੂਰੀ : ਡਾ.ਕਵਿਤਾ ਸਿੰਘ

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸਿਵਲ ਸਰਜਨ ਫਾਜ਼ਿਲਕਾ ਡਾ.ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਦੀ ਦੇਖ ਰੇਖ ਵਿੱਚ ਰੂਟੀਨ ਟੀਕਾਕਰਨ ਪ੍ਰੋਗ੍ਰਾਮ ਸੁੱਚਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਸੰਸਥਾਵਾਂ, ਆਂਗਣਵਾੜੀ ਕੇਂਦਰਾਂ, ਸਲੱਮ ਬਸਤੀਆਂ ਅਤੇ ਹਾਈ ਰਿਸਕ ਏਰੀਆ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਹਰ ਹਫ਼ਤੇ ਬੁੱਧਵਾਰ ਨੂੰ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਨਮ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਟੈਟਨਸ ਦੇ ਟੀਕੇ ਲਗਾਏ ਜਾਂਦੇ ਹਨ। ਉਹਨਾਂ ਸਮੂਹ ਸਿਹਤ ਕਰਮੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਟੀਕਾਕਰਨ ਦਾ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਗਰਭ ਦੌਰਾਨ ਗਰਭਵਤੀ ਮਾਵਾਂ ਨੂੰ 2 ਟੈਟਨਸ ਦੇ ਟੀਕੇ ਲਗਵਾਉਣ ਨਾਲ ਮਾਂ ਅਤੇ ਬੱਚੇ ਨੂੰ ਟੈਟਨਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਬੀ ਸੀ ਜੀ, ਪੋਲੀਓ ਬੂੰਦਾ ਅਤੇ ਹੈਪੇਟਾਈਟਸ ਦਾ ਟੀਕਾਕਰਨ, ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ ਤੇ ਪੈਟਾਵੈਲੈਂਟ, ਪੋਲੀਓ ਬੂੰਦਾਂ ਅਤੇ ਰੋਟਾ ਨਿਮੋਕੋਕਲ, ਨੌ ਮਹੀਨੇ ਪੂਰੇ ਹੋਣ ਤੇ ਐਮ.ਆਰ., ਨਿਮੋਕੋਕਲ ਅਤੇ ਵਿਟਾਮਿਨ-ਏ, 16 ਮਹੀਨੇ ਤੋਂ 2 ਸਾਲ ਐਮ.ਆਰ., ਡੀ.ਪੀ.ਟੀ., ਪੋਲੀਓ ਅਤੇ ਵਿਟਾਮਿਨ-ਏ ਜਰੂਰ ਲਗਵਾਓ। ਪੰਜ ਸਾਲ ਤੇ ਡੀ.ਪੀ.ਟੀ. ਦੂਜੀ ਬੂਸਟਰ, 10 ਅਤੇ 16 ਸਾਲ ਤੇ ਟੀ.ਡੀ. ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਬੀ.ਸੀ.ਜੀ. ਦਾ ਟੀਕਾ ਬੱਚੇ ਨੂੰ ਟੀ.ਬੀ. ਤੋਂ, ਪੋਲੀਓ ਬੂੰਦਾਂ ਪੋਲੀਓ ਦੀ ਬਿਮਾਰੀ ਤੋਂ, ਹੈਪਾਟਾਈਟਸ ਪੀਲੀਏ ਤੋਂ, ਰੋਟਾਵਾਇਰਸ ਵੈਕਸੀਨ ਦਸਤ ਤੋਂ, ਨਿਮੋਕੋਕਲ ਦਾ ਨਿਮੋਨੀਏ ਤੋਂ, ਪੈਂਟਾਵੈਂਲੈਂਟ ਦਾ ਟੀਕਾ ਪੰਜ ਬਿਮਾਰੀਆਂ ਗਲਘੋਟੂ ਕਾਲੀ ਖਾਂਸੀ ਟੈਟਨਸ ਪੀਲੀਏ ਇਨਫਲੂਏਂਜਾ, ਐਮ. ਆਰ. ਦਾ ਟੀਕਾ ਖਸਰੇ ਅਤੇ ਰੂਬੇਲਾ, ਡੀ.ਪੀ.ਟੀ. ਦਾ ਗਲਘੋਟੂ ਕਾਲੀ ਖੰਘ ਟੈਟਨਸ ਬਿਮਾਰੀਆਂ ਤੋਂ ਬਚਾਉਂਦੇ ਹਨ। ਵਿਟਾਮਿਨ-ਏ ਦੀ ਪਹਿਲੀ ਖੁਰਾਕ 9 ਮਹੀਨੇ ਤੋਂ ਸ਼ੁਰੂ ਕਰਕੇ 6-6 ਮਹੀਨੇ ਦੇ ਫਰਕ ਤੇ 5 ਸਾਲ ਤੱਕ ਦੀ ਉਮਰ ਤੱਕ ਪਿਲਾਓ। ਉਹਨਾਂ ਕਿਹਾ ਕਿ ਟੀਕਾਕਰਨ ਨਾਲ ਬੱਚਿਆਂ ਨੂੰ ਹਲਕਾ ਫੁਲਕਾ ਬੁਖਾਰ ਹੋ ਸਕਦਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਟੀਕਾਕਰਨ ਮੁਹਿੰਮ ਵਿੱਚ ਪ੍ਰੋਗ੍ਰਾਮ ਅਫਸਰਾਂ, ਸਮੂਹ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਕੰਪਿਊਟਰ ਅਸਿਸਟੈਂਟ ਸ਼ਵੇਤਾ ਨਾਗਪਾਲ ਮੌਜੂਦ ਸਨ।