ਇੱਕ ਯੂਨਿਟ ਖੂਨਦਾਨ 3 ਲੋਕਾਂ ਦੀ ਬਚਾਅ ਸਕਦੈ ਜਾਨ : ਹਰਮਨਦੀਪ ਕੌਰ
ਸੀਐਮ ਮਾਨ ਦੀ ਭਾਣਜੀ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ
Publish Date: Sun, 01 Mar 2026 05:00 PM (IST)
Updated Date: Sun, 01 Mar 2026 05:01 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੇ ਇੱਕ ਨਿੱਜੀ ਕਾਲਜ ਵਿੱਚ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਣਜੀ ਡਾ. ਹਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਡਾ. ਵਿਸ਼ਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਬੀ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਾ. ਹਰਮਨਦੀਪ ਕੌਰ ਅਤੇ ਡਾ. ਵਿਸ਼ਾਲ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਨਾਲ ਕਿਸੇ ਵੀ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਡਾ. ਹਰਮਨਦੀਪ ਕੌਰ ਅਤੇ ਡਾ. ਵਿਸ਼ਾਲ ਦਾ ਵਿਆਹ ਹਾਲ ਹੀ ਵਿੱਚ ਹੋਇਆ ਹੈ। ਉਨ੍ਹਾਂ ਨੇ ਬਾਹਰ ਕਿਤੇ ਘੁੰਮਣ ਜਾਣ ਦੀ ਬਜਾਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਨੂੰ ਪਹਿਲ ਦਿੱਤੀ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਡਾਕਟਰ ਹਰਮਨਦੀਪ ਕੌਰ ਨੇ ਕਿਹਾ ਕਿ ਖੂਨ ਦੀ ਇੱਕ ਯੂਨਿਟ ਤਿੰਨ ਲੋਕਾਂ ਦੀ ਜਾਨ ਬਚਾ ਸਕਦੀ ਹੈ। ਇਸ ਵਿੱਚ ਐਮਰਜੈਂਸੀ ਵਿੱਚ ਆਏ ਵਿਅਕਤੀ, ਥੈਲੇਸੀਮੀਆ ਪੀੜਤ ਅਤੇ ਜਣੇਪੇ (ਡਿਲੀਵਰੀ) ਸਮੇਂ ਔਰਤ ਵਰਗੀਆਂ ਨਾਜ਼ੁਕ ਸਥਿਤੀਆਂ ਸ਼ਾਮਲ ਹਨ। ਇਹ ਲੋਕ ਵੀ ਰਹੇ ਮੌਜੂਦ। ਇਸ ਪ੍ਰੋਗਰਾਮ ਵਿੱਚ ਮੇਰਾ ਪਰਿਵਾਰ ਕਮੇਟੀ ਦੇ ਪ੍ਰਧਾਨ ਸੰਦੀਪ ਕੰਬੋਜ, ਮਾਸਟਰ ਪੂਰਨ ਅਤੇ ਕਿਸਾਨ ਆਗੂ ਅਸ਼ੋਕ ਕੰਬੋਜ ਵੀ ਮੌਜੂਦ ਸਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਅਤੇ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।