ਹਰ ਮਰੀਜ਼ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਇਆ ਜਾਵੇ : ਡਾ. ਕਵਿਤਾ ਸਿੰਘ
ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਨਾਲ ਸਿਵਿਲ ਸਰਜਨ ਨੇ ਮੀਟਿੰਗ ਕੀਤੀ
Publish Date: Wed, 11 Feb 2026 05:53 PM (IST)
Updated Date: Wed, 11 Feb 2026 05:56 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ : ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਸਿਵਿਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਸਿਵਿਲ ਸਰਜਨ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਲੀਨਿਕਾਂ ਦੀ ਕਾਰਗੁਜ਼ਾਰੀ, ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ,ਕੈਂਪ, ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸੰਭਾਲ ਅਤੇ ਅਲਟਰਾ ਸਾਊਂਡ ਸੇਵਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਵਿਤਾ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਨਜ਼ਦੀਕੀ ਪੱਧਰ ’ਤੇ ਮੁਫ਼ਤ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੇ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤਾ ਕਿ ਹਰ ਮਰੀਜ਼ ਨਾਲ ਸੰਵੇਦਨਸ਼ੀਲਤਾ ਅਤੇ ਪੇਸ਼ੇਵਰਾਨਾ ਢੰਗ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ ਨੂੰ ਉੱਚ ਦਰਜੇ ਦੀ ਸੇਵਾ ਪ੍ਰਦਾਨ ਕੀਤੀ ਜਾਵੇ। ਦਵਾਈਆਂ ਦੀ ਉਪਲਬਧਤਾ, ਲੈਬ ਟੈਸਟ ਸਹੂਲਤਾਂ ਅਤੇ ਔਨਲਾਈਨ ਡਾਟਾ ਅਪਡੇਟ ਸਮੇਂ-ਸਿਰ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਕੈਂਪਾਂ ਸਬੰਧੀ ਸਿਵਿਲ ਸਰਜਨ ਨੇ ਕਿਹਾ ਕਿ ਹਰ ਮਹੀਨੇ ਦੀ 9 ਤੇ 23 ਨੂੰ ਲਗਣ ਵਾਲੇ ਕੈਂਪਾਂ ਦੀ ਪੂਰੀ ਤਿਆਰੀ ਪਹਿਲਾਂ ਤੋਂ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਗਰਭਵਤੀ ਮਹਿਲਾਵਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਕੈਂਪ ਦੌਰਾਨ ਡਾਕਟਰਾਂ ਵੱਲੋਂ ਗਰਭਵਤੀ ਮਹਿਲਾਵਾਂ ਦੀ ਸੰਪੂਰਨ ਜਾਂਚ, ਲੋੜੀਂਦੇ ਲੈਬ ਟੈਸਟ ਅਤੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ, ਜਿਸ ਨਾਲ ਮਾਤਾ ਅਤੇ ਬੱਚੇ ਦੀ ਸੁਰੱਖਿਆ ਯਕੀਨੀ ਬਣਦੀ ਹੈ।ਡਾ. ਕਵਿਤਾ ਸਿੰਘ ਨੇ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ-ਸਿਰ ਪਛਾਣ ਤੇ ਨਿਯਮਿਤ ਫਾਲੋਅੱਪ ’ਤੇ ਖਾਸ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਉੱਚ ਰਕਤਚਾਪ, ਸ਼ੂਗਰ, ਖੂਨ ਦੀ ਕਮੀ, ਥਾਇਰਾਇਡ ਜਾਂ ਪਹਿਲਾਂ ਦੀ ਜਟਿਲ ਡਿਲੀਵਰੀ ਵਾਲੀਆਂ ਮਹਿਲਾਵਾਂ ਨੂੰ ਹਾਈ ਰਿਸਕ ਵਜੋਂ ਦਰਜ ਕਰਕੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇ। ਲੋੜ ਪੈਣ ’ਤੇ ਅਜਿਹੇ ਮਾਮਲਿਆਂ ਨੂੰ ਉੱਚ ਸਿਹਤ ਸੰਸਥਾਵਾਂ ਵੱਲ ਰਿਫਰ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਅਲਟਰਾ ਸਾਊਂਡ ਸੇਵਾਵਾਂ ਦੀ ਉਪਲਬਧਤਾ ਅਤੇ ਸੁਚਾਰੂ ਚਲਾਣੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਿਵਿਲ ਸਰਜਨ ਨੇ ਹਦਾਇਤ ਕੀਤੀ ਕਿ ਗਰਭਵਤੀ ਮਹਿਲਾਵਾਂ ਦੇ ਲਾਜ਼ਮੀ ਅਲਟਰਾ ਸਾਊਂਡ ਟੈਸਟ ਸਮੇਂ-ਸਿਰ ਕਰਵਾਏ ਜਾਣ ਅਤੇ ਉਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਜਰੂਰੀ ਮੈਡੀਕਲ ਸਲਾਹ ਦਿੱਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਲਟਰਾ ਸਾਊਂਡ ਸੇਵਾਵਾਂ ਪੀਸੀ-ਪੀਐਨਡੀਟੀ ਐਕਟ ਦੀ ਪਾਲਣਾ ਅਨੁਸਾਰ ਹੀ ਪ੍ਰਦਾਨ ਕੀਤੀਆਂ ਜਾਣ ਅਤੇ ਸਾਰੇ ਰਿਕਾਰਡ ਠੀਕ ਢੰਗ ਨਾਲ ਸੰਭਾਲੇ ਜਾਣ।