ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੋ ਮੈਡੀਕਲ ਅਫਸਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੋ ਮੈਡੀਕਲ ਅਫਸਰਾਂ ਨੂੰ ਦਿੱਤੇ ਨਿਯੁਕਤੀ ਪੱਤਰ
Publish Date: Thu, 15 Jan 2026 04:15 PM (IST)
Updated Date: Fri, 16 Jan 2026 04:01 AM (IST)
ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ,
ਫਾਜ਼ਿਲਕਾ:ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਰਾਜ ਵਿੱਚ ਆਯੂਸ਼ਮਾਨ ਆਰੋਗਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਸ ਵਿੱਚ ਵੱਖ ਵੱਖ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲੀਨਿਕਾਂ ਵਿੱਚ ਇੱਕ ਡਾਕਟਰ, ਫਾਰਮੇਸੀ ਅਫ਼ਸਰ, ਕਲੀਨਿਕਲ ਅਸਿਸਟੈਂਟ ਅਤੇ ਹੋਰ ਸਹਾਇਕ ਸਟਾਫ਼ ਕੰਮ ਕਰ ਰਿਹਾ ਹੈ। ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਆਯੂਸ਼ਮਾਨ ਆਰੋਗਿਆ ਕੇਂਦਰ ਜੰਡਵਾਲਾ ਭੀਮੇਸ਼ਾਹ ਅਤੇ ਬੱਲੂਆਣਾ ਲਈ ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਸਮੇਂ ਡਾ.ਰੋਹਿਤ ਗੋਇਲ ਸਹਾਇਕ ਸਿਵਲ ਸਰਜਨ, ਡਾ.ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ.ਅੰਕੁਸ਼ ਕੰਬੋਜ, ਡਾ.ਵਿਸ਼ਾਲ, ਰਾਜੇਸ਼ ਕੁਮਾਰ ਡੀਪੀਐੱਮ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਅਤਿੰਦਰ ਸਿੰਘ, ਆਕਾਸ਼ ਕੁਮਾਰ ਹਾਜ਼ਰ ਸਨ।
ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਯੂਸ਼ਮਾਨ ਆਰੋਗਿਆ ਕੇਂਦਰ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਕਲੀਨਿਕਾਂ ਵਿੱਚ ਵਿਸ਼ਵਾਸ ਰੱਖ ਕੇ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ 26 ਆਯੂਸ਼ਮਾਨ ਆਰੋਗਿਆ ਕੇਂਦਰ ਸਫ਼ਲਤਾ ਪੂਰਵਕ ਚੱਲ ਰਹੇ ਹਨ। ਆਯੂਸ਼ਮਾਨ ਆਰੋਗਿਆ ਕੇਂਦਰ ਵਿੱਚ ਮੌਕੇ ’ਤੇ ਹੀ ਮਰੀਜ਼ਾਂ ਦਾ ਚੈੱਕਅੱਪ ਕਰਕੇ ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਆਯੂਸ਼ਮਾਨ ਆਰੋਗਿਆ ਕੇਂਦਰ ਵਿਚ 46 ਤਰ੍ਹਾਂ ਦੇ ਲੈਬ ਟੈਸਟ ਅਤੇ ਲੱਗਭੱਗ 100 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕੇਂਦਰਾਂ ਵਿੱਚ ਗਰਭਵਤੀ ਦਾ ਇਲਾਜ ਅਤੇ ਮੁਫ਼ਤ ਅਲਟਰਾ ਸਾਊਂਡ ਲਈ ਰੈਫ਼ਰ, ਰੇਬੀਜ਼ ਦੀ ਵੈਕਸੀਨ, ਟੀਕਾਕਰਨ ਕੀਤਾ ਜਾਂਦਾ ਹੈ। ਮਰੀਜਾਂ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਰਿਹਾ ਹੈ। ਆਯੂਸ਼ਮਾਨ ਆਰੋਗਿਆ ਕੇਂਦਰ ਜੰਡਵਾਲਾ ਭੀਮੇਸ਼ਾਹ ਲਈ ਡਾ. ਅੰਬਿਕਾ ਸੇਠੀ ਅਤੇ ਬੱਲੂਆਣਾ ਵਿਖੇ ਡਾ. ਕਰਨਰੂਪ ਸਿੰਘ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਨਵਨਿਯੁਕਤ ਮੈਡੀਕਲ ਅਫਸਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮਰੀਜਾਂ ਅਤੇ ਲੋਕਾਂ ਨੂੰ ਤਨਦੇਹੀ ਨਾਲ ਸਿਹਤ ਸੇਵਾਵਾਂ ਦੇਣ ਲਈ ਹਦਾਇਤ ਵੀ ਕੀਤੀ।