ਹਾਈ ਰਿਸਕ ਗਰਭਵਤੀਆਂ ਦਾ ਜਣੇਪੇ ਤੱਕ ਕੀਤਾ ਜਾਵੇ ਨਿਯਮਿਤ ਫਾਲੋਅਪ : ਡਾ. ਕਵਿਤਾ ਸਿੰਘ
ਮਾਤਰੀ ਮੌਤ ਦਰ ਅਤੇ ਉੱਚ ਜੋਖ਼ਮ ਗਰਭਾਵਸਥਾ ਸਬੰਧੀ ਸਿਵਲ ਸਰਜਨ ਨੇ ਕੀਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ
Publish Date: Sat, 10 Jan 2026 04:24 PM (IST)
Updated Date: Sat, 10 Jan 2026 04:27 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜੱਚਾ-ਬੱਚਾ ਸਿਹਤ ਸੇਵਾਵਾਂ ਪ੍ਰੋਗ੍ਰਾਮ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਪ੍ਰਧਾਨਗੀ ਵਿੱਚ ਅਤੇ ਡਾ. ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਵੱਲੋਂ ਮਾਸ ਮੀਡੀਆ ਅਧਿਕਾਰੀਆਂ, ਜਿਲ੍ਹਾ ਪ੍ਰੋਗ੍ਰਾਮ ਮੈਨੇਜਰ, ਬਲਾਕ ਐਕਸਟੈਂਸ਼ਨ ਐਜੂਕੇਟਰਾਂ, ਐਲ.ਐਚ.ਵੀਜ਼, ਏ.ਐਨ.ਐਮ. ਅਤੇ ਹੋਰ ਸਬੰਧਿਤ ਸਟਾਫ਼ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਡਾ.ਕਵਿਤਾ ਸਿੰਘ ਨੇ ਕਿਹਾ ਕਿ ਮਾਤਰੀ ਮੌਤਾਂ ਦੀ ਘੋਖ ਕਰਨ ਤੋਂ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਹਨ ਕਿ ਮਾਤਰੀ ਮੌਤਾਂ ਦਾ ਮੁੱਖ ਕਾਰਨ ਹਾਈਰਿਸਕ ਪ੍ਰੈਗਨੈਂਸੀ ਹੈ। ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ। ਹਰ ਗਰਭਵਤੀ ਔਰਤ ਦੀ ਜਲਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਹਨਾਂ ਦੇ ਰੂਟੀਨ ਚੈਕਅੱਪ ਤੋਂ ਵਾਧੂ ਚੈੱਕਅਪ ਕੀਤੇ ਜਾਣ ਅਤੇ ਜਣੇਪੇ ਤੱਕ ਉਨ੍ਹਾਂ ਦਾ ਫਾਲੋਅਪ ਅਤੇ ਮੈਡੀਕਲ ਚੈੱਕਅਪ ਯਕੀਨੀ ਬਣਾਇਆ ਜਾਵੇ ਤਾਂ ਕਿ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕੇ। ਬਲਾਕ ਪੱਧਰ ਤੋਂ ਸਿਹਤ ਕਰਮੀਆਂ ਵੱਲੋਂ ਹਾਈ ਰਿਸਕ ਗਰਭਵਤੀਆਂ ਨੂੰ ਫੋਨ ਰਾਹੀਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਗਰਭਵਤੀ ਔਰਤਾਂ ਦੇ ਸਾਰੇ ਚੈੱਕਅਪ ਜਿਵੇਂ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਐੱਚ.ਬੀ., ਥਾਇਰਾਇਡ, ਹੈਪੈਟਾਇਟਸ, ਅਲਟਰਾ ਸਾਊਂਡ, ਈ.ਸੀ.ਜੀ. ਅਤੇ ਹੋਰ ਜ਼ਰੂਰੀ ਚੈੱਕਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਚੈਕਅਪ ਲਈ ਆਉਣ ਵਾਲੀ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੰਤੁਲਿਤ ਤੇ ਪੋਸ਼ਟਿਕ ਖੁਰਾਕ ਬਾਰੇ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਲੱਗਣ ਵਾਲੇ ਕੈਂਪ ਦੌਰਾਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚੈਕ—ਅਪ ਯਕੀਨੀ ਬਣਾਇਆ ਜਾਵੇ। ਇਸ ਮੌਕੇ ਰਾਜੇਸ਼ ਕੁਮਾਰ ਜ਼ਿਲ੍ਹਾ ਪ੍ਰੋਗ੍ਰਾਮ ਮੈਨੇਜਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਨਾ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਬਲਜੀਤ ਸਿੰਘ, ਵਨੀਤਾ, ਸੁਖਦੇਵ ਸਿੰਘ, ਪੂਜਾ, ਰਵਿੰਦਰ ਕੁਮਾਰ ਤੇ ਕ੍ਰਿਸ਼ਨ ਕੁਮਾਰ ਮੌਜੂਦ ਸਨ।