ਸਕੂਲ-ਮਾਪੇ ਸਾਂਝ ਨਾਲ ਬੱਚਿਆਂ ਦੀ ਤਰੱਕੀ ਸੰਭਵ : ਪ੍ਰਿੰ. ਰੰਜਨਾ
ਸਕੂਲ-ਮਾਪੇ ਸਾਂਝ ਨਾਲ ਬੱਚਿਆਂ ਦੀ ਤਰੱਕੀ ਸੰਭਵ:ਮੈਡਮ ਰੰਜਨਾ
Publish Date: Sat, 07 Feb 2026 04:30 PM (IST)
Updated Date: Sat, 07 Feb 2026 04:32 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੰਜਾਬ ਸਕੂਲ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੁਜੋਈਆ ’ਚ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰੰਜਨਾ ਨੇ ਕਿਹਾ ਕਿ ਬੱਚਿਆਂ ਦੀ ਅਸਲੀ ਤਰੱਕੀ ਤਦੋਂ ਹੀ ਸੰਭਵ ਹੈ ਜਦੋਂ ਸਕੂਲ ਅਤੇ ਮਾਪੇ ਇਕ-ਦੂਜੇ ਦੇ ਸਹਿਯੋਗ ਨਾਲ ਕੰਮ ਕਰਨ। ਅਧਿਆਪਕ ਸਿਰਫ਼ ਸਕੂਲ ਤੱਕ ਹੀ ਜ਼ਿੰਮੇਵਾਰ ਨਹੀਂ ਹੁੰਦੇ, ਘਰ ਦਾ ਮਾਹੌਲ ਵੀ ਉਤਨਾ ਹੀ ਅਹਿਮ ਹੈ। ਜੇ ਮਾਪੇ ਬੱਚਿਆਂ ਨਾਲ ਰੋਜ਼ਾਨਾ ਗੱਲਬਾਤ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸਹੀ ਦਿਸ਼ਾ ਦਿਖਾਉਣ, ਤਾਂ ਬੱਚੇ ਹਰ ਖੇਤਰ ਵਿੱਚ ਅੱਗੇ ਵਧ ਸਕਦੇ ਹਨ। ਸਕੂਲ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਜੇ ਘਰ ਅਤੇ ਸਕੂਲ ਇਕੱਠੇ ਯਤਨ ਕਰਨ ਤਾਂ ਹਰ ਬੱਚਾ ਕਾਮਯਾਬੀ ਦੀ ਮੰਜਿਲ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਦਿਨਚਰਿਆ ’ਤੇ ਨਿਗਰਾਨੀ ਰੱਖਣ ਅਤੇ ਪੜ੍ਹਾਈ ਲਈ ਸਕਾਰਾਤਮਕ ਮਾਹੌਲ ਤਿਆਰ ਕਰਨ ਦੀ ਅਪੀਲ ਕੀਤੀ। ਵਰਕਸ਼ਾਪ ਦੌਰਾਨ ਦਾਖਲਾ ਮੁਹਿੰਮ ਅਤੇ ਨਸ਼ਾ ਰੋਕਥਾਮ ਸੰਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮਾਪਿਆਂ ਤੋਂ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਬੱਚਿਆਂ ਨੂੰ ਵੀ ਨਸ਼ਿਆਂ ਤੋਂ ਬਚਾਉਣ ਲਈ ਸਹੁੰ ਚੁਕਵਾਈ ਗਈ। ਇਸ ਮੌਕੇ ਬੀ.ਐਨ.ਓ. ਸੁਮਿਤ ਕੁਮਾਰ (ਪ੍ਰਿੰਸੀਪਲ ਬਲੇਲ ਕੇ ਹਾਸਲ ਸਕੂਲ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਮਾਪਿਆਂ ਨੂੰ ਸਿੱਖਿਆ ਪ੍ਰਤੀ ਹੋਰ ਜਾਗਰੂਕ ਰਹਿਣ ਅਤੇ ਬੱਚਿਆਂ ਦੀ ਰੁਚੀ ਅਨੁਸਾਰ ਮਾਰਗਦਰਸ਼ਨ ਦੇਣ ’ਤੇ ਜ਼ੋਰ ਦਿੱਤਾ। ਸਟੇਜ ਸੈਕਟਰੀ ਦੀ ਭੂਮਿਕਾ ਗੁਰਜਿੰਦਰ ਸਿੰਘ ਤੇ ਸ਼ਿਫਾਲੀ ਨੇ ਨਿਭਾਈ। ਇਸ ਮੌਕੇ ਨੈਸ਼ਨਲ ਸਕੂਲ ਖੇਡਾਂ ਵਿੱਚ ਉਪਲਬੱਧੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਗਈ।