ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 15 ਜਨਵਰੀ ਤੋਂ : ਡਾ. ਕਵਿਤਾ ਸਿੰਘ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 15 ਜਨਵਰੀ ਤੋਂ: ਡਾ.ਕਵਿਤਾ ਸਿੰਘ
Publish Date: Mon, 05 Jan 2026 05:19 PM (IST)
Updated Date: Mon, 05 Jan 2026 05:20 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ :ਪੰਜਾਬ ਸਰਕਾਰ ਵੱਲੋਂ ਪੰਜਾਬ ਨਿਵਾਸੀਆਂ ਨੂੰ ਚੰਗੀ ਸਿਹਤ ਦੇ ਮਨਸੂਬੇ ਨਾਲ ਘਰ ਦੇ ਨੇੜੇ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਪਰਿਵਾਰ ਦੇ ਇਲਾਜ ਲਈ 15 ਜਨਵਰੀ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਕਾਰਡ 8 ਜਨਵਰੀ 2026 ਤੋਂ ਬਣਨੇ ਸ਼ੁਰੂ ਹੋ ਜਾਣਗੇ। ਇਸ ਯੋਜਨਾ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਉਪਰਾਲੇ ਅਤੇ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਆਯੂਸ਼ਮਾਨ ਯੋਜਨਾ ਤਹਿਤ ਜਿਲ੍ਹੇ ਵਿਚ 1.81 ਲੱਖ ਕਾਰਡ ਰਜਿਸਟਰਡ ਹਨ, ਜੋ ਇਸ ਦਾ ਲਾਭ ਲੈ ਰਹੇ ਹਨ। ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਜਿਲ੍ਹਾ ਫਾਜ਼ਿਲਕਾ ਵਿੱਚ ਹੁਣ ਤੱਕ 16 ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ ਅਤੇ ਹੋਰ ਹਸਪਤਾਲ ਸੂਚੀਬੱਧ ਕੀਤੇ ਜਾਣਗੇ। ਇਲਾਜ ਦੌਰਾਨ ਕਿਸੇ ਵੀ ਕਿਸਮ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ। ਹਸਪਤਾਲ ਵਿੱਚ ਭਰਤੀ ਸਮੇਂ ਕੇਵਲ ਸਿਹਤ ਬੀਮਾ ਕਾਰਡ ਅਤੇ ਪਛਾਣ ਪੱਤਰ ਦਿਖਾਉਣਾ ਹੋਵੇਗਾ, ਉਹਨਾਂ ਕਿਹਾ ਕਿ ਇਸ ਯੋਜਨਾ ਅਧੀਨ ਸਾਰੇ ਰਿਕਾਰਡ ਡਿਜ਼ੀਟਲ ਕੀਤੇ ਜਾਣਗੇ ਅਤੇ ਇਸ ਯੋਜਨਾ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਡਾ. ਐਰਿਕ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਪੰਜ ਲੱਖ ਰੁਪਏ ਦੀ ਯੋਜਨਾ ਦਾ ਕਾਰਡ ਬਣਵਾਇਆ ਹੋਇਆ ਹੈ, ਉਹ ਪੰਜਾਬ ਸਰਕਾਰ ਦੀ ਦਸ ਲੱਖ ਦੀ ਯੋਜਨਾ ਦਾ ਵੀ ਲਾਭ ਲੈ ਸਕਣਗੇ। ਇਸ ਲਈ ਉਨ੍ਹਾਂ ਦੀ ਰੀ-ਕੇ.ਵਾਈ.ਸੀ. ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਦੇ ਕਾਰਡ ਵਿੱਚ ਮਰਜ ਕੀਤਾ ਜਾਵੇਗਾ। ਇਹ ਯੋਜਨਾ ਗਰੀਬ, ਮੱਧਮ ਵਰਗ ਤੇ ਜਰੂਰਤਮੰਦ ਪਰਿਵਾਰਾਂ ਲਈ ਆਰਥਿਕ ਸੁਰੱਖਿਆ ਦਾ ਮਜ਼ਬੂਤ ਆਧਾਰ ਬਣੇਗੀ। ਇਸ ਯੋਜਨਾ ਦਾ ਲਾਭ ਲੈਣ ਲਈ ਸੂਬੇ ਦੇ ਨਿਵਾਸੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਲਈ ਲਾਭਪਾਤਰੀ ਦਾ ਸੂਬੇ ਵਿਚ ਸਥਾਈ ਨਿਵਾਸੀ ਹੋਣਾ ਲਾਜ਼ਮੀ ਹੈ। ਪਛਾਣ ਤੇ ਨਿਵਾਸ ਪ੍ਰਮਾਣ ਪੱਤਰ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਆਈ.ਡੀ. ਤੇ ਹੋਰ ਦਸਤਾਵੇਜ਼ ਸਵੀਕਾਰ ਕੀਤੇ ਜਾਣਗੇ। ਇਸ ਸਿਹਤ ਬੀਮਾ ਕਾਰਡ ਰਾਹੀਂ ਲਾਭਪਾਤਰੀ ਰਾਜ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਵੀ ਇਲਾਜ ਕਰਵਾ ਸਕਣਗੇ। ਇਸ ਮੌਕੇ ਆਯੂਸ਼ਮਾਨ ਜ਼ਿਲ੍ਹਾ ਕੋਆਰਡੀਨੇਟਰ ਪ੍ਰਿਆ, ਮਾਸ ਮੀਡੀਆ ਵਿੰਗ ਤੋਂ ਵਿਨੋਦ ਕੁਮਾਰ, ਮਨਬੀਰ ਸਿੰਘ, ਦਿਵੇਸ਼ ਕੁਮਾਰ ਮੌਜੂਦ ਸਨ।