ਸਵੇਰ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ ਓਪੀਡੀ
ਸਾਰੀ ਸਿਹਤ ਕੇਂਦਰਾਂ ਦੀ ਓਪੀਡੀ ਦੇ ਸਮੇਂ ਵਿੱਚ ਬਦਲਾਅ
Publish Date: Wed, 15 Apr 2026 05:48 PM (IST)
Updated Date: Wed, 15 Apr 2026 05:51 PM (IST)

ਨਰੇਸ਼ ਕੁਮਾਰ ਕਾਮਰਾਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਵਿਭਾਗ ਵੱਲੋਂ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਿਲ ਹਸਪਤਾਲ ਫਾਜ਼ਿਲਕਾ ਅਤੇ ਸਾਰੇ ਸਿਹਤ ਕੇਂਦਰਾਂ ਦੀ ਓਪੀਡੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਮੌਸਮ ਦੇ ਬਦਲਾਅ ਅਤੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਸਮੇਂ ਸਿਰ ਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। 16 ਅਪ੍ਰੈਲ ਤੋਂ ਨਵੇਂ ਤਹਿਤ ਓਪੀਡੀ ਹੁਣ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲੇਗੀ। ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ। ਹਸਪਤਾਲ ਪ੍ਰਬੰਧਨ ਵੱਲੋਂ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਨਵੇਂ ਸਮੇਂ ਅਨੁਸਾਰ ਆਪਣੀ ਡਿਊਟੀ ਨਿਭਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਬਦਲਾਅ ਲੋਕਾਂ ਦੀ ਸੁਵਿਧਾ ਲਈ ਕੀਤਾ ਗਿਆ ਹੈ, ਤਾਂ ਜੋ ਸਵੇਰੇ ਦੇ ਠੰਢੇ ਸਮੇਂ ਵਿੱਚ ਮਰੀਜ਼ ਆਸਾਨੀ ਨਾਲ ਆਪਣਾ ਇਲਾਜ ਕਰਵਾ ਸਕਣ ਅਤੇ ਲੰਬੀਆਂ ਕਤਾਰਾਂ ਤੋਂ ਵੀ ਬਚ ਸਕਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਮੇਂ ਦੀ ਪਾਲਣਾ ਕਰਦੇ ਹੋਏ ਹਸਪਤਾਲ ਆਉਣ ਅਤੇ ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਲਈ ਸਮੇਂ ਸਿਰ ਡਾਕਟਰੀ ਸਲਾਹ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਜ਼ਰੂਰੀ ਦਵਾਈਆਂ ਅਤੇ ਟੈਸਟਾਂ ਦੀ ਸੁਵਿਧਾ ਉਪਲਬਧ ਹੈ, ਜਿਸ ਦਾ ਲਾਭ ਲੋਕ ਵੱਧ ਤੋਂ ਵੱਧ ਲੈਣ। ਇਸ ਦੇ ਨਾਲ ਹੀ ਹਸਪਤਾਲ ਵਿੱਚ ਸਫਾਈ ਅਤੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਸਪਤਾਲ ਆਉਂਦੇ ਸਮੇਂ ਕਤਾਰਬੱਧ ਰਹਿਣ ਅਤੇ ਸਟਾਫ਼ ਨਾਲ ਸਹਿਯੋਗ ਕਰਣ, ਤਾਂ ਜੋ ਸਾਰਿਆਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ।